ਕਨ੍ਹੱਈਆ ਦੀ ਜ਼ਮਾਨਤ ਦਾ ਵਿਰੋਧ ਨਹੀਂ ਕਰੇਗੀ ਦਿੱਲੀ ਪੁਲਸ

Global News

ਨਵੀਂ ਦਿੱਲੀ — ਜੇ. ਐਨ. ਯੂ. ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਲੈ ਕੇ ਪੁਲਸ ਕਮਿਸ਼ਨਰ ਬੀ. ਐਸ. ਬੱਸੀ ਦਾ ਇੱਕ ਵੱਡਾ ਬਿਆਨ ਆਇਆ ਹੈ। ਬੱਸੀ ਨੇ ਕਿਹਾ ਕਿ ਉਹ ਕਨ੍ਹੱਈਆ ਨੂੰ ਕਲੀਨ ਚਿੱਟ ਤਾਂ ਨਹੀ ਦੇ ਰਹੇ, ਜੇਕਰ ਉਸ ਵੱਲੋਂ ਜ਼ਮਾਨਤ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਦਿੱਲੀ ਪੁਲਸ ਉਸ ਦਾ ਵਿਰੋਧ ਨਹੀਂ ਕਰੇਗੀ। ਪੁਲਸ ਕਮਿਸ਼ਨਰ ਦੇ ਇਸ ਬਿਆਨ ਤੋਂ ਸਾਫ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਜੇਲ 'ਚ ਬੰਦ ਕਨ੍ਹੱਹੀਆ ਦੀ ਜਲਦੀ ਰਿਹਾਈ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕਨ੍ਹੱਈਆ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੂੰ ਅਦਾਲਤ ਨੇ 14 ਦਿਨ ਦੀ ਜੂਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਕਨ੍ਹੱਈਆ ਹੁਣ 2 ਮਾਰਚ ਤੱਕ ਤਿਹਾੜ ਜੇਲ 'ਚ ਰਹੇਗਾ।

 

ਪੁਲਸ ਕਮਿਸ਼ਨਰ ਬੀ. ਐਸ. ਬੱਸੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਨੌਜਵਾਨ ਲੜਕੇ ਦੇ ਮਾਮਲੇ 'ਚ ਵਿਚਾਰ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਕਨ੍ਹੱਈਆ ਕੁਮਾਰ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਪੁਲਸ ਨੇ ਜਲਦੀ ਕੀਤੀ ਹੈ ਅਤੇ ਉਸ ਦੇ ਖਿਲਾਫ ਦੇਸ਼ ਧ੍ਰੋਹ ਦਾ ਦੋਸ਼ ਸਾਬਤ ਕਰਨਾ ਦਿੱਲੀ ਪੁਲਸ ਲਈ ਮੁਸ਼ਕਿਲ ਹੋਵੇਗਾ। ਉਸ ਸਮੇਂ ਤੋਂ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਕਨ੍ਹੱਈਆ ਨੂੰ ਜਲਦੀ ਜ਼ਮਾਨਤ ਮਿਲ ਸਕਦੀ ਹੈ। ਫਿਲਹਾਲ ਪੁਲਸ ਕਮਿਸ਼ਨਰ ਬੀ. ਐਸ. ਬੱਸੀ ਨੇ ਕਨ੍ਹੱਈਆ ਵਿਰੁੱਧ ਠੋਸ ਸਬੂਤ ਹੋਣ ਦਾ ਦਾਅਵਾ ਵੀ ਕੀਤਾ ਹੈ। ਇਸ ਬਿਆਨ ਤੋਂ ਬਾਅਦ ਕਨ੍ਹੱਈਆ ਨੂੰ ਜ਼ਮਾਨਤ ਮਿਲਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।