ਗ੍ਰੇਟ ਖਲੀ ਸੀਰੀਜ਼ ਲਈ ਰੈਸਲਰਾਂ ਦਾ ਐਲਾਨ

Global News

ਨਵੀਂ ਦਿੱਲੀ- ਦਿ ਗ੍ਰੇਟ ਖਲੀ ਸੀਰੀਜ਼ ਲਈ ਆਯੋਜਨ ਕਮੇਟੀ ਨੇ ਇਸ ਵਿਚ ਹਿੱਸਾ ਲੈਣ ਵਾਲੇ ਕੌਮਾਂਤਰੀ ਰੈਸਲਰਾਂ ਦੇ ਨਾਵਾਂ ਦਾ ਮੰਗਲਵਾਰ ਨੂੰ ਐਲਾਨ ਕਰ ਦਿੱਤਾ ਹੈ। 


ਦਿ ਗ੍ਰੇਟ ਖਲੀ ਸੀਰੀਜ਼ ਦਾ ਪਹਿਲਾ ਸੈਸ਼ਨ 2 ਦਿਨ ਦਾ ਹੋਵੇਗਾ, ਜਿਹੜਾ 24 ਤੋਂ 28 ਫਰਵਰੀ ਨੂੰ ਕ੍ਰਮਵਾਰ ਹਲਦਾਨੀ ਤੇ ਦੇਹਰਾਦੂਨ ਵਿਚ ਆਯੋਜਿਤ ਕੀਤਾ ਜਾਵੇਗਾ। ਇੰਟਰਨੈਸ਼ਨਲ ਰੈਸਲਰਾਂ ਵਿਚ 13 ਭਾਰਤੀ ਰੈਸਲਰ ਸ਼ਾਮਲ ਹਨ, ਜਿਨ੍ਹਾਂ ਵਿਚ ਚਾਰ ਮਹਿਲਾ ਰੈਸਲਰ ਵੀ ਹਨ।


ਆਯੋਜਨ ਕਮੇਟੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਬਲਯੂ. ਡਬਲਯੂ. ਈ. ਟੈਗ ਟੀਮ ਚੈਂਪੀਅਨ ਦੱਖਣੀ ਅਫਰੀਕਾ ਦੇ ਜਸਟਿਨ ਗੈਬ੍ਰੀਅਲ ਆਪਣੀ ਮਜ਼ਬੂਤ ਚੁਣੌਤੀ ਰੱਖੇਗਾ ਜਿਹੜਾ ਹੁਣ ਤਕ 720 ਮੈਚਾਂ ਵਿਚੋਂ 547 ਜਿੱਤ ਚੁੱਕਾ ਹੈ। ਅਮਰੀਕਾ ਦੇ ਬ੍ਰਾਇਨ ਕੇਜ ਅਤੇ 6 ਫੁੱਟ ਇੰਚ ਲੰਬੇ ਮਾਈਕ ਨੋਕਸ ਦੀ ਵੀ ਪਹਿਲੀ ਦਾਅਵੇਦਾਰੀ ਰਹੇਗੀ।
650 ਮੁਕਾਬਲਿਆਂ ਵਿਚੋਂ 525 ਜਿੱਤ ਚੁੱਕੇ ਅਮਰੀਕਾ ਦੇ ਕ੍ਰਿਮਸਨ ਅਤੇ 1200 ਵਿਚੋਂ 1170 ਮੁਕਾਬਲੇ ਜਿੱਤ ਚੁੱਕੇ ਕੈਨੇਡਾ ਦੇ 10 ਵਾਰ ਦੇ ਹੈਵੀਵੇਟ ਚੈਂਪੀਅਨ ਬਰੂਡੀ ਸਟੀਲ ਅਤੇ 10 ਵਾਰ ਦੇ ਪੂਏਰਤੋ ਰਿਕੋ ਹੈਵੀਵੇਟ ਚੈਂਪੀਅਨ ਓਪੋਲੋ ਲਿਓਨ ਅਤੇ ਭਾਰਤੀ ਮੂਲ ਦੇ ਕੈਨੇਡੀਆਈ ਰੈਸਲਰ ਜਿੰਦਰ ਮਹਲ ਵੀ ਆਪਣੀ ਚੁਣੌਤੀ ਰੱਖਣਗੇ। ਜਿੰਦਰ ਦਾ ਅਸਲੀ ਨਾਂ ਯੁਵਰਾਜ ਸਿੰਘ ਹੈ ਤੇ ਉਹ 700 ਵਿਚੋਂ 590 ਮੁਕਾਬਲੇ ਜਿੱਤ ਚੁੱਕੇ ਹਨ। 255 ਪਾਊਂਡ ਅਤੇ 6.5 ਇੰਚ ਲੰਬਾ ਜਿੰਦਰ ਕੈਨੇਡਾ ਦਾ ਹੈਵੀਵੇਟ ਚੈਂਪੀਅਨ ਹੈ। 


ਆਸਟ੍ਰੇਲੀਆ ਦੇ ਕ੍ਰਿਸ ਰਾਬੇਰ ਅਤੇ ਮੈਕਸੀਕੋ ਦੇ ਹਨਾਦੇਜ ਵੀ ਇਸ ਮੁਕਾਬਲੇ ਵਿਚ ਆਪਣਾ ਤੜਕਾ ਲਗਾਉਣਗੇ। ਦਿ ਗ੍ਰੇਟ ਖਲੀ ਸੀਰੀਜ਼ ਵਿਚ ਚਾਰ ਕੌਮਾਂਤਰੀ ਮਹਿਲਾ ਰੈਸਲਰਾਂ ਦਾ ਵੀ ਜਲਵਾ ਰਹੇਗਾ। 
ਇਸ ਵਿਚ ਕੈਨੇਡਾ ਦੀ ਜੈਦਾ ਅਤੇ ਅਮਰੀਕਾ ਦੀ ਸਾਂਤਾਨਾ, ਰਿਨੀ ਮਿਸ਼ੇਲ ਤੇ ਕੈਟੀ ਫੋਬਰਸ ਸ਼ਾਮਲ ਹਨ।