ਚੀਨ ਨੇ ਵਿਵਾਦਤ ਦੱਖਣੀ ਚੀਨ ਸਾਗਰ ਦੇ ਟਾਪੂ ''ਤੇ ਤਾਇਨਾਤ ਕੀਤੀਆਂ ਮਿਜ਼ਾਈਲਾਂ

Global News

ਵਾਸ਼ਿੰਗਟਨ— ਚੀਨ ਦੀ ਫੌਜ ਨੇ ਦੱਖਣੀ ਚੀਨ ਸਾਗਰ ਵਿਚ ਜ਼ਮੀਨ ਤੋਂ ਆਕਾਸ਼ ਵਿਚ ਮਾਰ ਕਰਨ ਵਾਲੀ ਆਧੁਨਿਕ ਮਿਜ਼ਾਈਲ ਪ੍ਰਣਾਲੀ ਤਾਇਨਾਤ ਕੀਤੀ ਹੈ। ਫਾਕਸ ਨਿਊਜ਼ ਨੇ ਇਮੇਜ਼ਸੈੱਟ ਇੰਟਰਨੈਸ਼ਨਲ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਦੱਖਣੀ ਚੀਨ ਸਾਗਰ ਵਿਚ ਸਥਿਤ ਵੂਡੀ ਟਾਪੂ ਵਿਚ ਚੀਨੀ ਫੌਜ ਦੀ ਰਾਡਾਰ ਪ੍ਰਣਾਲੀ ਅਤੇ ਜ਼ਮੀਨ ਤੋਂ ਆਕਾਸ਼ ਵਿਚ ਮਾਰ ਕਰਨ ਵਾਲੀਆਂ ਅੱਠ ਮਿਜ਼ਾਈਲਾਂ ਦੇ ਦੋ ਬੇੜੇ ਨਜ਼ਰ ਆ ਰਹੇ ਹਨ। ਚੀਨ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਭਾਰਤ ਅਤੇ ਅਮਰੀਕਾ ਦੱਖਣੀ ਚੀਨ ਸਾਗਰ ਵਿਚ ਸੰਯੁਕਤ ਰੂਪ ਨਾਲ ਗਸ਼ਤ ਕਰਨ 'ਤੇ ਵਿਚਾਰ ਕਰ ਰਹੇ ਸਨ। ਭਾਰਤ ਦੱਖਣੀ ਚੀਨ ਸਾਗਰ ਵਿਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਅਮਰੀਕਾ ਚੀਨ ਦੇ ਖਿਲਾਫ ਜ਼ਿਆਦਾ ਏਸ਼ੀਆਈ ਦੇਸ਼ਾਂ ਦਾ ਸਮਰਥਨ ਚਾਹੁੰਦਾ ਹੈ। ਜਿਨ੍ਹਾਂ 'ਚੋਂ ਭਾਰਤ ਮੁੱਖ ਹੈ। ਹਾਲਾਂਕਿ ਭਾਰਤ ਨੇ ਪਹਿਲਾਂ ਕਿਸੀ ਦੇਸ਼ ਦੇ ਨਾਲ ਸੰਯੁਕਤ ਗਸ਼ਤ ਵਿਚ ਹਿੱਸਾ ਨਹੀਂ ਲਿਆ ਪਰ ਸੰਯੁਕਤ ਰਾਸ਼ਟਰ ਦੇ ਬੈਨਰ ਹੇਠ ਕਿਸੀ ਵੀ ਅੰਤਰਰਾਸ਼ਟਰੀ ਮਿਲਟ੍ਰੀ ਆਪ੍ਰੇਸ਼ਨ ਵਿਚ ਹਿੱਸਾ ਲੈਣ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਭਾਰਤ ਦਾ 55 ਫੀਸਦੀ ਸਮੁੰਦਰੀ ਕਾਰੋਬਾਰ ਦੱਖਣੀ ਚੀਨ ਸਾਗਰ ਦੇ ਰਸਤੇ ਹੀ ਹੁੰਦਾ ਹੈ। 

 

ਵੂਡੀ ਟਾਪੂ ਤੇ ਤਾਈਵਾਨ ਅਤੇ ਵੀਅਤਨਾਮ ਨੇ ਵੀ ਆਪਣਾ ਦਾਅਵਾ ਠੋਕਿਆ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਮੁੱਖ ਦਫਤਰ ਪੈਂਟਾਗਨ ਦੇ ਇਕ ਬੁਲਾਰੇ ਬਿਲ ਅਰਬਨ ਨੇ ਕਿਹਾ ਕਿ ਖੁਫੀਆ ਮਾਮਲਾ ਹੋਣ ਕਾਰਨ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਇਸ 'ਤੇ ਕਰੀਬ ਤੋਂ ਨਜ਼ਰ ਰੱਖ ਰਹੇ ਹਨ। ਇਹ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਦੇ ਨੇਤਾਵਾਂ ਵਿਚ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਸੰਮੇਲਨ ਦੀ ਸਮਾਪਤੀ ਹੋਈ ਹੈ। ਸੰਮੇਲਨ ਦੇ ਸੰਬੰਧ ਵਿਚ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਵਿਚ ਓਬਾਮਾ ਨੇ ਕਿਹਾ ਕਿ ਅਮਰੀਕਾ ਅਤੇ ਆਸੀਆਨ ਦੇਸ਼ ਦੇ ਨੇਤਾਵਾਂ ਨੇ ਸੰਮੇਲਨ ਵਿਚਦੱਖਣੀ ਚੀਨ ਸਾਗਰ ਵਿਚ ਪਸਰੇ ਤਣਾਅ ਨੂੰ ਲੈ ਕੇ ਚਰਚਾ ਕੀਤੀ ਹੈ ਅਤੇ ਉਨ੍ਹਾਂ ਸਾਰਿਆਂ ਨੇ ਇਸ ਗੱਲ 'ਤੇ ਵੀ ਸਹਿਮਤੀ ਜਤਾਈ ਹੈ ਕਿ ਕਿਸੀ ਵੀ ਖੇਤਰੀ ਵਿਵਾਦ ਨੂੰ ਸ਼ਾਂਤੀਪੂਰਨ ਅਤੇ ਕਾਨੂੰਨੀਂ ਢੰਗ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ।