ਜਾਣੋ ਕੌਣ ਹੈ ਅਫਜ਼ਲ ਗੁਰੂ ਦਾ ਮੁੱਦਾ ਚੁੱਕਣ ਵਾਲੇ ਗਿਲਾਨੀ?

Global News

ਨਵੀਂ ਦਿੱਲੀ— ਐਸ. ਏ. ਆਰ. ਗਿਲਾਨੀ ਨੂੰ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣ। ਗਿਲਾਨੀ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਹਿ ਚੁੱਕੇ ਹਨ ਅਤੇ ਉਹ ਯੂਨੀਵਰਸਿਟੀ ਵਿਚ ਅਰਬੀ ਭਾਸ਼ਾ ਪੜ੍ਹਾਉਂਦੇ ਸਨ। ਸਾਲ 2001 ਤੱਕ ਕਸ਼ਮੀਰ ਵਿਚ ਗਿਲਾਨੀ ਦੇ ਪਰਿਵਾਰ ਅਤੇ ਨੇੜੇ ਦੇ ਲੋਕਾਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਉਨ੍ਹਾਂ ਨੂੰ ਜਾਣਦਾ ਸੀ। ਗਿਲਾਨੀ ਦੀ ਸੀਨੀਅਰ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ। ਬਸ ਫਰਕ ਇੰਨਾ ਹੈ ਕਿ ਦੋਵੇਂ ਭਾਰਤ ਦੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਤੋਂ ਆਉਂਦੇ ਹਨ। 


ਐਸ. ਏ. ਆਰ. ਗਿਲਾਨੀ ਨੂੰ ਭਾਰਤੀ ਸੰਸਦ 'ਤੇ 13 ਦਸੰਬਰ 2001 ਨੂੰ ਹੋਏ ਹਮਲੇ ਵਿਚ ਸ਼ਾਮਲ ਹੋਣ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਸੀ। ਗਿਲਾਨੀ ਕਿਸਮਤ ਵਾਲੇ ਕਹੇ ਜਾ ਸਕਦੇ ਹਨ। ਉਨ੍ਹਾਂ ਕੋਲ ਯੋਗ ਵਕੀਲਾਂ ਦੀ ਟੀਮ ਸੀ। ਇਸ ਟੀਮ ਨੇ ਗਿਲਾਨੀ ਦਾ ਕੇਸ ਲੜਿਆ ਅਤੇ ਉਨ੍ਹਾਂ ਨੂੰ ਬਰੀ ਅਤੇ ਰਿਹਾਅ ਤੱਕ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਵਿਰੋਧ ਪ੍ਰਦਰਸ਼ਨ ਕੀਤੇ ਹਨ। ਇਨ੍ਹਾਂ ਵਿਚ ਸਭ ਤੋਂ ਤਾਜ਼ਾ 9 ਫਰਵਰੀ 2016 ਨੂੰ ਦਿੱਲੀ ਸਥਿਤ ਪ੍ਰੈੱਸ ਕਲੱਬ ਆਫ ਇੰਡੀਆ ਦਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਮੁੱਖ ਆਯੋਜਨਕਰਤਾ ਗਿਲਾਨੀ ਹੀ ਹਨ। 


ਗਿਲਾਨੀ ਅਫਜ਼ਲ ਗੁਰੂ ਦੀ ਫਾਂਸੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਉਹ ਅਦਾਲਤ ਦੇ ਹੁਕਮ ਨੂੰ ਦੋਸ਼ ਪੂਰਨ ਦੱਸਦੇ ਹਨ। ਪ੍ਰੋਗਰਾਮ ਅਫਜ਼ਲ ਗੁਰੂ ਦੀ ਬਰਸੀ 'ਤੇ ਆਯੋਜਿਤ ਕੀਤਾ ਗਿਆ ਸੀ। ਜਿਸ ਕਾਰਨ ਗਿਲਾਨੀ ਇਕ ਵਾਰ ਫਿਰ ਖਬਰਾਂ ਵਿਚ ਹਨ। ਪੁਲਸ ਨੇ ਸੋਮਵਾਰ ਦੀ ਸ਼ਾਮ ਨੂੰ ਗਿਲਾਨੀ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਧਾਰਾ 124(ਏ) ਦੇਸ਼ ਧਰੋਹ, 120 (ਬੀ) ਅਪਰਾਧਕ ਸਾਜਿਸ਼ ਰੱਚਣ ਅਤੇ 149 ਗੈਰ ਕਾਨੂੰਨੀ ਤਰੀਕੇ ਨਾਲ ਇਕੱਠੇ ਹੋਣ ਅਧੀਨ ਗ੍ਰਿ੍ਰਫਤਾਰ ਕੀਤਾ ਗਿਆ। ਗਿਲਾਨੀ ਨੂੰ ਅਜਿਹੇ ਸਮੇਂ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਜੇ. ਐਨ. ਯੂ. ਵਿਚ ਪੁਲਸ ਕਾਰਵਾਈ ਨੂੰ ਲੈ ਕੇ ਪੁਰਜ਼ੋਰ ਵਿਰੋਧ ਅਤੇ ਤਣਾਅ ਚੱਲ ਰਿਹਾ ਹੈ।