ਕੇਜਰੀਵਾਲ ਨੇ ਪੀ. ਐੱਮ. ਮੋਦੀ ਨੂੰ ਲਿਖੀ ਚਿੱਠੀ

Global News

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗਲਵਾਰ ਨੂੰ ਚਿੱਠੀ ਲਿਖੀ। ਇਸ ਚਿੱਠੀ 'ਚ ਕੇਜਰੀਵਾਲ ਨੇ ਜਵਾਹਲ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਨੂੰ 'ਅੱਤਵਾਦੀਆਂ ਦਾ ਗੜ੍ਹ' ਕਰਾਰ ਦਿੱਤੇ ਜਾਣ ਨੂੰ ਗਲਤ ਦੱਸਿਆ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਬੇਕਸੂਰ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਲਿਖਿਆ ਕਿ ਇਹ ਕਾਫੀ ਖਤਰਨਾਕ ਹੈ ਕਿ ਜੇ. ਐਨ. ਯੂ. ਦੀ ਘਟਨਾ ਨੂੰ ਇੰਝ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਇਹ ਸੰਸਥਾਨ ਇਕ ਅੱਤਵਾਦੀ ਕੇਂਦਰ ਹੋਵੇ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਇਸ ਘਟਨਾ 'ਤੇ ਚੁੱਪੀ ਤੋੜਨ ਦੀ ਵੀ ਅਪੀਲ ਕੀਤੀ।  ਉਨ੍ਹਾਂ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਦਖਲ ਦੇਵੋ। 


ਇਸ ਮੁੱਦੇ ਨੂੰ ਲੈ ਕੇ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਇਸ ਮੁੱਦੇ ਨੂੰ ਲੈ ਕੇ ਚਰਚਾ ਕੀਤੀ। ਦੱਸਣ ਯੋਗ ਹੈ ਕਿ ਬੀਤੇ ਦਿਨੀਂ ਜੇ. ਐਨ. ਯੂ. ਕੰਪਲੈਕਸ 'ਚ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੇ ਪੱਖ ਵਿਚ ਨਾਅਰੇ ਲਾਏ ਗਏ ਸਨ। ਜਿਸ ਕਾਰਨ ਇਹ ਮੁੱਦਾ ਗਰਮਾਉਂਦਾ ਜਾ ਰਿਹਾ ਹੈ।