ਸੈਗ ਖੇਡਾਂ : ਖਿਡਾਰੀਆਂ ਦੇ ਬਿਹਤਰੀਨ ਪ੍ਰਦਰਸ਼ਨ ਨਾਲ ਭਾਰਤ ਦਾ ਦਬਦਬਾ ਬਰਕਰਾਰ

Global News

ਗੁਹਾਟੀ- ਭਾਰਤ ਦੇ ਨਿਸ਼ਾਨੇਬਾਜ਼ਾਂ ਨੇ 12ਵੀਆਂ ਦੱਖਣੀ ਏਸ਼ੀਆਈ ਖੇਡਾਂ (ਸੈਗ) ਵਿਚ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਦੇ ਆਖਰੀ ਦਿਨ ਸੋਮਵਾਰ ਨੂੰ ਸਾਰੇ ਚਾਰ ਸੋਨ ਤਮਗੇ ਜਿੱਤ ਕੇ ਆਪਣੀ ਮੁਹਿੰਮ 25 ਸੋਨ ਤਮਗਿਆਂ ਸਮੇਤ ਕੁਲ 45 ਤਮਗਿਆਂ ਦੇ ਨਾਲ ਖਤਮ ਕੀਤੀ।  ਮੇਜ਼ਬਾਨ ਭਾਰਤ ਨੇ ਖੇਡਾਂ ਦੇ 10ਵੇਂ ਦਿਨ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਤੇ ਟੀਮ ਪ੍ਰਤੀਯੋਗਿਤਾ ਅਤੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਵਿਅਕਤੀਗਤ ਤੇ ਟੀਮ ਪ੍ਰਤੀਯੋਗਿਤਾ ਵਿਚ ਸੋਨੇ 'ਤੇ ਨਿਸ਼ਾਨਾ ਵਿੰਨ੍ਹਿਆ। ਭਾਰਤ ਨੇ ਇਸ ਦੇ ਨਾਲ ਹੀ ਨਿਸ਼ਾਨੇਬਾਜ਼ੀ ਵਿਚ ਕੁਲ 25 ਸੋਨ, 10 ਚਾਂਦੀ ਤੇ 10 ਕਾਂਸੀ ਸਮੇਤ ਕੁਲ 45 ਤਮਗੇ ਜਿੱਤੇ। 
 

ਇਨ੍ਹਾਂ ਖੇਡਾਂ ਦੀ ਸਮਾਪਤੀ ਕੱਲ ਹੋਵੇਗੀ ਤੇ ਉਸ ਤੋਂ ਇਕ ਦਿਨ ਪਹਿਲਾਂ ਭਾਰਤ ਦੇ ਨਾਂ 298 ਤਮਗੇ (181 ਸੋਨ, 87 ਚਾਂਦੀ ਤੇ 30 ਕਾਂਸੀ) ਦਰਜ ਹੋ ਗਏ ਹਨ। ਸ਼੍ਰੀਲੰਕਾ 177 ਤਮਗਿਆਂ (25 ਸੋਨ, 59 ਚਾਂਦੀ ਤੇ 93 ਕਾਂਸੀ) ਦੇ ਨਾਲ ਦੂਜੇ ਜਦਕਿ ਪਾਕਿਸਤਾਨ 93 ਤਮਗਿਆਂ (11 ਸੋਨ, 38 ਚਾਂਦੀ ਤੇ 48 ਕਾਂਸੀ) ਦੇ ਨਾਲ ਤੀਜੇ ਸਥਾਨ ਤੇ ਰਿਹਾ।
 

ਮੁੱਕੇਬਾਜ਼ਾਂ ਦੀ ਸੱਤ ਸੋਨ 'ਤੇ ਕਲੀਨ ਸਵੀਪ : ਭਾਰਤੀ ਪੁਰਸ਼ ਮੁੱਕੇਬਾਜ਼ਾਂ ਨੇ ਸ਼ਾਨਦਾਰ ਮੁੱਕਿਆਂ ਦਾ ਪ੍ਰਦਰਸ਼ਨ ਕਰਦੇ ਹੋਏ ਸੋਮਵਾਰ ਨੂੰ ਸਾਰੇ ਸੱਤ ਸੋਨ ਤਮਗਿਆਂ 'ਤੇ ਕਲੀਨ ਸਵੀਪ ਕਰ ਲਿਆ।  ਭਾਰਤ ਨੇ 49 ਕਿ. ਗ੍ਰਾ, 52, 56, 60, 69 ਤੇ 75 ਕਿ. ਗ੍ਰਾ. ਭਾਰ ਵਰਗ ਦੇ ਸੋਨ ਤਮਗੇ ਜਿੱਤ ਲਏ। 
 

ਮਹਿਲਾ ਫੁੱਟਬਾਲ ਟੀਮ ਨੇ ਜਿੱਤਿਆ ਸੋਨਾ, ਪੁਰਸ਼ ਟੀਮ ਖੁੰਝੀ : ਭਾਰਤੀ ਮਹਿਲਾ ਟੀਮ ਨੇ ਸੈਗ ਖੇਡਾਂ ਦੇ ਫਾਈਨਲ ਵਿਚ ਅੱਜ ਇੱਥੇ ਨੇਪਾਲ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਸਟਾਰ ਖਿਡਾਰਨ ਬੇਮਬੇਮ ਦੇਵੀ ਨੂੰ ਸ਼ਾਨਦਾਰ  ਵਿਦਾਇਗੀ ਦਿੱਤੀ। ਭਾਰਤ ਦੀ ਜਿੱਤ ਦੀ ਨਾਇਕਾ ਨੌਜਵਾਨ ਖਿਡਾਰਨ ਕਮਲਾ ਦੇਵੀ ਯਮਨਾਮ ਰਹੀ। ਉਸ ਨੇ ਦੋ ਗੋਲ (32ਵੇਂ ਤੇ 56ਵੇਂ ਮਿੰਟ) ਵਿਚ ਕੀਤੇ ਜਦਕਿ ਕਪਤਾਨ ਬੇਮਬੇਮ ਤੇ ਨਾਂਗਗੋਮ ਬਾਲਾ ਦੇਵੀ ਨੇ ਹਾਫ ਵਿਚ ਚੰਗਾ ਖੇਡ ਦਿਖਾ ਕੇ ਭਾਰਤ ਨੂੰ ਸੈਗ ਖੇਡਾਂ ਵਿਚ ਲਗਾਤਾਰ ਦੂਜਾ ਖਿਤਾਬ ਦਿਵਾ ਦਿੱਤਾ। ਦੂਜੇ ਪਾਸੇ ਪੁਰਸ਼ ਟੀਮ ਨੂੰ ਨੇਪਾਲ ਵਿਰੁੱਧ ਖਿਤਾਬੀ ਮਕਾਬਲੇ ਵਿਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਸਦੇ ਹਿੱਸੇ ਚਾਂਦੀ ਤਮਗਾ ਆਇਆ। 
 

ਕਬੱਡੀ 'ਚ ਪੁਰਸ਼ ਤੇ ਮਹਿਲਾ ਟੀਮਾਂ ਨੇ ਜਿੱਤਿਆ ਸੋਨਾ : ਭਾਰਤ ਦੀ ਮਹਿਲਾ ਤੇ ਪੁਰਸ਼ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ-ਅਪਾਣੇ ਕਬੱਡੀ ਦੇ ਸੋਨ ਤਮਗੇ ਜਿੱਤ ਲਏ। ਮਹਿਲਾ ਟੀਮ  ਨੇ ਖਿਤਾਬੀ ਮੁਕਾਬਲੇ ਵਿਚ ਬੰਗਲਾਦੇਸ਼ ਨੂੰ 36-12 ਨਾਲ ਹਰਾਇਆ ਜਦਕਿ ਪੁਰਸ਼ ਟੀਮ ਨੇ ਪਾਕਿਸਤਾਨ ਨੂੰ 9-7 ਨਾਲ ਹਰਾ ਕੇ ਸੋਨੇ 'ਤ ਕਬਜ਼ਾ ਕੀਤਾ।