ਟੋਰੰਟੋ ''ਚ ਸਿੱਖ ਸੰਗਠਨ ਵਲੋਂ ਮਹਿਲਾ ਆਸ਼ਰਮਾਂ ਵਿਚ ਤੋਹਫੇ ਵੰਡੇ ਗਏ

Global News

ਟੋਰੰਟੋ— ਟੋਰੰਟੋ ਵਿਚ ਸਿੱਖ ਭਾਈਚਾਰੇ ਸੰਗਠਨ ਵਲੋਂ ਬੇਸਹਾਰਾ ਔਰਤਾਂ ਨੂੰ ਸਹਾਰਾ ਘਰਾਂ ਭਾਵ ਮਹਿਲਾ ਆਸ਼ਰਮਾਂ ਵਿਚ ਜਾ ਕੇ ਵਿਸ਼ੇਸ਼ ਤੋਹਫੇ ਦਿੱਤੇ ਗਏ। ਜਾਣਕਾਰੀ ਮੁਤਾਬਕ ਵੈਲੇਨਟਾਈਨ ਦਿਵਸ 'ਤੇ ਬੇਸਹਾਰਾ ਔਰਤਾਂ ਨੂੰ ਗੁਲਾਬੀ ਰੰਗ ਦੇ ਡੱਬਿਆਂ ਵਿਚ ਚਾਕਲੇਟ ਅਤੇ ਕੇਕ ਵੰਡੇ ਗਏ। ਸਕੂਲ ਦੇ ਛੋਟੇ ਬੱਚਿਆਂ ਵਲੋਂ ਬਣਾਏ ਕਾਰਡ ਵੀ ਦਿੱਤੇ ਗਏ ਹਨ, ਜਿਨ੍ਹਾਂ ਉੱਪਰ 'ਤੁਸੀਂ ਮਹਾਨ ਹੋ', 'ਤੁਸੀਂ ਬਹੁਤ ਸੋਹਣੇ ਹੋ' ਆਦਿ ਸ਼ਬਦ ਲਿਖੇ ਹੋਏ ਸਨ। 
 

ਇਸ ਗਰੁੱਪ ਦੀ ਮੈਂਬਰ ਸੁਰਪ੍ਰੀਤ ਪੰਨੂ ਨੇ ਕਿਹਾ,''ਕਈ ਵਾਰ ਛੋਟਾ ਜਿਹਾ ਕੇਕ ਦਾ ਟੁੱਕੜਾ ਵੀ ਸਾਡਾ ਦਿਨ ਖਾਸ ਬਣਾ ਦਿੰਦਾ ਹੈ...ਅਸੀਂ ਇੱਥੇ ਅਜਿਹੀਆਂ ਔਰਤਾਂ ਨੂੰ ਦੇਖਿਆ ਹੈ ਜਿਨ੍ਹਾਂ ਨੂੰ ਇਨ੍ਹਾਂ ਛੋਟੇ ਤੋਹਫਿਆਂ ਨੇ ਖੁਸ਼ ਕੀਤਾ ਹੈ। ਇਨ੍ਹਾਂ ਔਰਤਾਂ ਦੇ ਚਿਹਰੇ ਦੀ ਮੁਸਕਰਾਹਟ ਨੇ ਸਾਡੀ ਕੋਸ਼ਸ਼ ਨੂੰ ਸਫਲ ਕਰ ਦਿੱਤਾ ਹੈ।'' 
 

ਇਸ ਕੰਮ ਦੀ ਸ਼ੁਰੂਆਤ ਸਿੱਖ ਪਰੰਪਰਾ ਮੁਤਾਬਕ ਲੰਗਰ ਤੋਂ ਹੀ ਕੀਤੀ ਗਈ। ਪੰਨੂ 25 ਵਾਲੰਟਿਅਰਾਂ ਵਿਚੋਂ ਇਕ ਹੈ ਜੋ ਕਿ ਪਿਛਲੇ ਕਈ ਹਫਤਿਆਂ ਤੋਂ ਟੋਰੰਟੋ ਦੇ ਇਲਾਕੇ ਵਿਚ ਲਗਭਗ 160 ਪਾਰਸਲ ਮਹਿਲਾ ਘਰਾਂ ਨੂੰ ਭੇਜਦੀ ਹੈ। 
 

ਉਹ ਰੋਜ਼ਾਨਾ ਕੋਸ਼ਸ਼ ਕਰਦੀ ਹੈ ਇਸ ਮੁਹਿੰਮ ਨਾਲ ਹੋਰ ਵੀ ਦਾਨੀ ਸੱਜਣ ਜੁੜਨ ਜੋ ਕਿ ਮਹਿਲਾ ਆਸ਼ਰਮਾਂ ਲਈ ਮੁਫਤ ਚਾਕਲੇਟ ਅਤੇ ਪੇਸਟਰੀ ਭੇਜਣ। 
 

ਮਹਿਲਾ ਆਸ਼ਰਮ ਦੀ ਡਾਇਰੈਕਟਰ ਮਾਰਗਾਰਿਤਾ ਮੈਨਡਜ਼ ਨੇ ਕਿਹਾ ਹੈ,''ਇਸ ਤਰ੍ਹਾਂ ਦੇ ਲੋਕ ਭਲਾਈ ਕੰਮ ਹਮੇਸ਼ਾ ਹੀ ਸ਼ਲਾਘਾਯੋਗ ਹੁੰਦੇ ਹਨ। ਇਹ ਗੱਲ ਅਹਿਮੀਅਤ ਨਹੀਂ ਰੱਖਦੀ ਕਿ ਤੋਹਫਾ ਵੱਡਾ ਹੈ ਜਾਂ ਛੋਟਾ ਪਰ ਇਹ ਗੱਲ ਵਿਸ਼ੇਸ਼ ਹੈ ਕਿ ਕੋਈ ਤੁਹਾਡੀ ਚਿੰਤਾ ਕਰਦਾ ਹੈ ਅਤੇ ਖਿਆਲ ਰੱਖਦਾ ਹੈ।'' 
 

ਸਿੱਖ ਸੰਗਠਨ ਵਲੋਂ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਇਸ ਮੁਹਿੰਮ ਵਲੋਂ ਲਗਭਗ 1600 ਪੈਕੇਜ ਭੇਜੇ ਗਏ ਹਨ।