ਸਿੰਧ ਬਣਿਆ ਹਿੰਦੂ ਵਿਆਹ ਐਕਟ ਪਾਸ ਕਰਨ ਵਾਲਾ ਪਹਿਲਾ ਸੂਬਾ

Global News

ਕਰਾਚੀ— ਪਾਕਿਸਤਾਨ ਦੀ ਸਿੰਧ ਵਿਧਾਨ ਸਭਾ ਨੇ ਸੋਮਵਾਰ ਨੂੰ ਹਿੰਦੂ ਵਿਆਹ ਐਕਟ ਪਾਸ ਕਰ ਦਿੱਤਾ। ਇਸ ਤਰ੍ਹਾਂ ਸਿੰਧ ਦੇਸ਼ ਦਾ ਪਹਿਲਾਂ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਘੱਟ ਗਿਣਤੀ ਹਿੰਦੂ ਭਾਈਚਾਰਾ ਆਪਣੇ ਵਿਆਹਾਂ ਦਾ ਰਜਿਸਟ੍ਰੇਸ਼ਨ ਕਰਵਾ ਸਕੇਗਾ। ਇਕ ਮੁੱਖ ਹਿੰਦੂ ਸੰਗਠਨ ਨੇ ਇਸ ਇਤਿਹਾਸਕ ਐਕਟ 'ਚੋਂ ਇਕ ਵਿਵਾਦਤ ਨਿਯਮ ਹਟਾਉਣ ਦੀ ਮੰਗ ਕੀਤੀ ਹੈ। ਵਿਧਾਨ ਸਭਾ ਵਿਚ ਇਸ ਸੰਬੰਧੀ ਬਿੱਲ ਨੂੰ ਸੰਸਦੀ ਕਾਰਜ ਮੰਤਰੀ ਨਿਸਾਰ ਖੁਹਰੋ ਨੇ ਪੇਸ਼ ਕੀਤਾ। ਇਸ ਤੋਂ ਬਾਅਦ ਇਹ ਐਕਟ ਪੂਰੇ ਸਿੰਧ ਸੂਬੇ ਵਿਚ ਲਾਗੂ ਹੋਵੇਗਾ। ਜ਼ਿਕਰਯੋਗ ਹੈ ਕਿ ਸਿੰਧ ਵਿਚ ਹਿੰਦੂਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਖੁਹਰੋ ਨੇ ਕਿਹਾ ਕਿ ਪਾਕਿਸਤਾਨ ਦੇ ਗਠਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕੋਈ ਅਜਿਹਾ ਕਨੂੰਨ ਪਾਸ ਕੀਤਾ ਗਿਆ ਹੈ। 

 

ਇਕ ਰਾਸ਼ਟਰੀ ਸੰਸਦੀ ਕਮੇਟੀ ਨੇ ਬੀਤੇ ਹਫਤੇ ਇਸ ਦੇ ਡਰਾਫਟ ਨੂੰ ਮਨਜ਼ੂਰੀ ਦਿੱਤੀ ਸੀ। ਇਸ ਨਾਲ ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਦੇ ਵਿਆਹ ਅਤੇ ਤਲਾਕ ਦੇ ਰਜਿਸਟ੍ਰੇਸ਼ਨ ਦਾ ਰਸਤਾ ਸਾਫ ਹੋਇਆ ਹੈ। ਇਹ ਐਕਟ ਵਿਆਹ ਦੀ ਘੱਟ ਤੋਂ ਘੱਟ ਉਮਰ 18 ਸਾਲ ਨਿਰਧਾਰਤ ਕਰਦਾ ਹੈ। ਐਕਟ ਮੁਤਾਬਕ ਇਹ ਜ਼ਰੂਰੀ ਹੈ ਕਿ ਵਿਆਹ ਪੁਰਸ਼ ਅਤੇ ਔਰਤ ਦੀ ਸਹਿਮਤੀ ਅਤੇ ਘੱਟ ਤੋਂ ਘੱਟ ਦੋ ਗਵਾਹਾਂ ਦੀ ਮੌਜੂਦਗੀ ਵਿਚ ਰਜਿਸਟ੍ਰਡ ਕਰਵਾਇਆ ਜਾਵੇ। ਇਸ ਤੋਂ ਪਹਿਲਾਂ ਇਹ ਕਾਨੂੰਨ ਨਾ ਹੋਣ ਕਰਕੇ ਹਿੰਦੀ ਭਾਈਚਾਰੇ ਨੂੰ ਵਿਆਹ ਦਾ ਸਰਟੀਫਿਕੇਟ ਹਾਸਲ ਕਰਨ ਅਤੇ ਰਾਸ਼ਟਰੀ ਪਛਾਣ ਪੱਤਰ ਹਾਸਲ ਕਰਨ ਦੇ ਨਾਲ-ਨਾਲ ਜਾਇਦਾਦ ਵਿਚ ਹਿੱਸੇਦਾਰੀ ਲੈਣ ਵਰਗੇ ਕੰਮਾਂ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।