ਰੂਸ ਦੇ ਮੈਡੀਕਲ ਕਾਲਜ ''ਚ ਅੱਗ ਲੱਗਣ ਨਾਲ ਦੋ ਭਾਰਤੀ ਕੁੜੀਆਂ ਦੀ ਮੌਤ

Global News

ਮਾਸਕੋ— ਰੂਸ ਵਿਚ ਇਕ ਮੈਡੀਕਲ ਯੂਨੀਵਰਸਿਟੀ ਵਿਚ ਪੜ੍ਹਨ ਵਾਲੀਆਂ ਦੋ ਭਾਰਤੀ ਕੁੜੀਆਂ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਇਸ ਖ਼ਬਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, 'ਅਸੀਂ ਦੋ ਭਾਰਤੀ ਕੁੜੀਆਂ ਨੂੰ ਗੁਆ ਦਿੱਤਾ ਹੈ। ਦੋਵੇਂ ਮਹਾਰਾਸ਼ਟਰ ਤੋਂ ਸਨ। ਇਹ ਦੋਵੇਂ ਕੁੜੀਆਂ ਸਮੋਲੇਂਸਕ ਮੈਡੀਕਲ ਅਕੈਡਮੀ ਤੋਂ ਪੜ੍ਹ ਰਹੀਆਂ ਸਨ। ਉੱਥੇ ਅੱਗ ਲੱਗਣ ਦੀ ਘਟਨਾ ਵਿਚ ਦੋਹਾਂ ਦੀ ਮੌਤ ਹੋ ਗਈ।'

 

ਵਿਦੇਸ਼ ਮੰਤਰੀ ਮੁਤਾਬਕ ਇਸ ਘਟਨਾ ਵਿਚ ਕੁਝ ਹੋਰ ਵਿਦਿਆਰਥੀ ਵੀ ਜ਼ਖਮੀ ਹੋਏ ਹਨ ਪਰ ਉਹ ਹੁਣ ਖਤਰੇ ਤੋਂ ਬਾਹਰ ਹਨ। ਸਮੋਲੇਂਸਕ ਮੈਡੀਕਲ ਅਕੈਡਮੀ ਰੂਸ ਦੀ ਰਾਜਧਾਨੀ ਮਾਸਕੋ ਤੋਂ 400 ਕਿਲੋਮੀਟਰ ਦੀ ਦੂਰੀ 'ਤੇ ਹੈ। ਸੁਸ਼ਮਾ ਸਵਰਾਜ ਨੇ ਦੱਸਿਆ ਕਿ ਇਨ੍ਹਾਂ ਕੁੜੀਆਂ ਦੀਆਂ ਲਾਸ਼ਾਂ ਮੰਗਲਵਾਰ ਨੂੰ ਮਾਸਕੋ ਲਿਆਈਆਂ ਜਾਣਗੀਆਂ ਅਤੇ ਫਿਰ ਮੰਬਈ ਲਿਆਈਆਂ ਜਾਣਗੀਆਂ। 

 

ਸਥਾਨਕ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਅਕੈਡਮੀ ਦੀ ਜਿਸ ਇਮਾਰਤ ਵਿਚ ਅੱਗ ਲੱਗੀ ਸੀ, ਉੱਥੋਂ ਕਰੀਬ 200 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।