ਇਕਲੌਤੇ ਬੇਟੇ ਦੀ ਲਾਸ਼ ਦੇਖ ਕੁਝ ਇਸ ਤਰ੍ਹਾਂ ਰੋ ਪਈ ਮਹਿਲਾ ਪੁਲਸ

Global News

ਭੋਪਾਲ— ਰਾਤੀਬੜ ਇਲਾਕੇ 'ਚ ਐਤਵਾਰ ਨੂੰ ਦੇਰ ਰਾਤ ਇਕ ਸਕੂਟੀ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਕਾਰ 'ਚ ਸਵਾਰ ਸਿਧਾਰਥ ਖਰੇ ਦੀ ਮੌਤ ਹੋ ਗਈ। ਉਸ ਦੀ ਮਾਂ ਕਮਲੇਸ਼ਵਰੀ ਖਰੇ ਯੂ.ਪੀ. ਪੁਲਸ ਸਰਵਿਸ 'ਚ ਹੈ। ਬੇਟੇ ਦੀ ਮੌਤ ਦੀ ਖਬਰ ਮਿਲਦੇ ਹੀ ਉਹ ਭੋਪਾਲ ਆਈ ਅਤੇ ਲਾਸ਼ ਦੇਖ ਕੇ ਉੱਚੀ-ਉੱਚੀ ਰੋ ਪਈ। ਹਾਦਸੇ 'ਚ 4 ਵਿਦਿਆਰਥੀ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰੇ ਜ਼ਖਮੀਆਂ ਦਾ ਇਲਾਜ ਬੰਸਲ ਹਸਪਤਾਲ 'ਚ ਚੱਲ ਰਿਹਾ ਹੈ। ਰਾਤੀਬੜ ਪੁਲਸ ਅਨੁਸਾਰ ਐੱਨ.ਐੱਲ.ਆਈ.ਯੂ. ਦਾ ਤੀਜੇ ਸਾਲ ਦਾ ਵਿਦਿਆਰਥੀ ਸਿਧਾਰਥ ਖਰੇ ਸਾਥੀ ਵਿਦਿਆਰਥੀ ਮੋਹਿਤ ਦੇਸਾਈ ਨਾਲ ਰਾਤੀਬੜ ਇਲਾਕੇ 'ਚ ਐਤਵਾਰ ਦੇਰ ਰਾਤ ਹੋਂਡਾ ਸਿਟੀ ਕਾਰ 'ਚ ਘੁੰਮ ਰਿਹਾ ਸੀ। ਇਸੇ ਦੌਰਾਨ ਕਾਂਗਰਸ ਵਿਧਾਇਕ ਅਜੇ ਸਿੰਘ ਦੀ ਕੋਠੀ ਕੋਲ ਇਕ ਸਕੂਟੀ ਨੂੰ ਬਚਾਉਣ ਦੇ ਚੱਕਰ 'ਚ ਵਿਦਿਆਰਥੀਆਂ ਦੀ ਕਾਰ ਦਰੱਖਤ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਦਾ ਇਕ ਹਿੱਸਾ ਦੂਜੇ ਦਰੱਖਤ ਨਾਲ ਫਿਰ ਟਕਰਾਇਆ ਅਤੇ ਕਾਰ ਅਜੇ ਸਿੰਘ ਦੀ ਬਾਊਂਡਰੀਵਾਲ ਨਾਲ ਜਾ ਟਕਰਾਈ। ਇਸ ਦੌਰਾਨ ਸੜਕ ਤੋਂ ਲੰਘ ਰਹੇ ਲੋਕਾਂ ਨੇ 108 ਐਂਬੂਲੈਂਸ ਨੂੰ ਘਟਨਾ ਦੀ ਸੂਚਨਾ ਦਿੱਤੀ। ਐੱਨ.ਐੱਲ.ਆਈ.ਯੂ. ਲਾਅ ਦੀ ਪੜ੍ਹਾਈ ਦੇ ਮਾਮਲੇ 'ਚ ਦੇਸ਼ ਦੇ ਸਭ ਤੋਂ ਚੰਗੇ ਸਿੱਖਿਆ ਸੰਸਥਾਵਾਂ 'ਚ ਗਿਣਿਆ ਜਾਂਦਾ ਹੈ। 


ਐਂਬੂਲੈਂਸ ਦੋਹਾਂ ਵਿਦਿਆਰਥੀਆਂ ਨੂੰ ਲੈ ਕੇ ਬੰਸਲ ਹਸਪਤਾਲ ਪੁੱਜੀ। ਹਾਲਾਂਕਿ ਉਦੋਂ ਤੱਕ ਸਿਧਾਰਥ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਉਸ ਦੇ ਸਾਥੀ ਮੋਹਿਤ ਨੂੰ ਵੈਂਟੀਲੇਟਰ ਲਗਾਇਆ ਗਿਆ ਹੈ। 21 ਸਾਲ ਦਾ ਸਿਧਾਰਥ ਝਾਂਸੀ ਦਾ ਰਹਿਣ ਵਾਲਾ ਸੀ। ਭੋਪਾਲ 'ਚ ਉਹ ਐੱਨ.ਐੱਲ.ਆਈ.ਯੂ. ਦੇ ਹੀ ਹੋਸਟਲ 'ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਉਸ ਦੀ ਮਾਂ ਕਮਲੇਸ਼ਵਰੀ ਖਰੇ ਯੂ.ਪੀ. 'ਚ ਆਈ.ਪੀ.ਐੱਸ. ਹੈ ਅਤੇ ਮੌਜੂਦਾ ਸਮੇਂ 'ਚ ਉੱਥੇ ਕ੍ਰਾਈਮ ਬਰਾਂਚ 'ਚ ਹੈ।