'ਪਾਪਾ ਨੇ ਕਿਹਾ ਸੀ ਕਿ ਜੋ ਕੰਮ ਕਰੋ ਉਸ ਨੂੰ ਪੂਰਾ ਕਰੋ, ਅਧੂਰਾ ਨਾ ਛੱਡੋ' : ਨੀਰੂ ਬਾਜਵਾ

Global News

ਲੁਧਿਆਣਾ : ਪੰਜਾਬੀ ਅਦਾਕਾਰਾ ਅਤੇ ਲੱਖਾਂ ਲੋਕਾਂ ਦੀ ਧੜਕਣ ਨੀਰੂ ਬਾਜਵਾ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਹ ਫਿਲਮ 'ਚੰਨੋ' ਦੀ ਸ਼ੂਟਿੰਗ ਦੌਰਾਨ ਅਸਲ 'ਚ ਗਰਭਵਤੀ ਸੀ। ਉਸੇ ਸਮੇਂ ਹੀ ਉਨ੍ਹਾਂ ਦੇ ਪਿਤਾ ਨੂੰ ਪਤਾ ਚੱਲਿਆ ਕਿ ਉਨ੍ਹਾਂ ਨੂੰ ਕੈਂਸਰ ਹੈ ਪਰ ਆਪਣੀ ਇਸ ਬੀਮਾਰੀ ਬਾਰੇ ਉਨ੍ਹਾਂ ਨੇ ਆਪਣੀ ਬੇਟੀ ਨੀਰੂ ਨੂੰ ਕੁਝ ਨਹੀਂ ਦੱਸਿਆ। ਇਸ ਦਾ ਕਾਰਨ ਇਹ ਸੀ ਕਿ ਉਹ ਆਪਣੀ ਬੇਟੀ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ ਸਨ। ਨੀਰੂ ਨੇ ਅੱਗੇ ਦੱਸਿਆ, ''ਮੇਰੇ ਪਿਤਾ ਨੇ ਕਿਹਾ ਸੀ ਕਿ ਜੋ ਵੀ ਕੰਮ ਕਰੋ ਪੂਰਾ ਕਰੋ, ਅਧੂਰਾ ਨਾ ਛੱਡੋ। ਇਸ ਕਰਾਨ ਮੈਂ ਇਥੇ ਪਹੁੰਚੀ ਹਾਂ।'' 


ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇਕ ਕਾਲੇਜ 'ਚ ਪਹੁੰਚਣ ਤੋਂ ਪਹਿਲਾਂ ਹੀ ਨੀਰੂ ਨੂੰ ਆਪਣੇ ਪਿਤਾ ਦੇ ਦਿਹਾਂਤ ਦਾ ਪਤਾ ਚੱਲ ਗਿਆ ਸੀ। ਨੀਰੂ ਦੇ ਪਿਤਾ ਜਸਵੰਤ ਸਿੰਘ ਬਾਜਵਾ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਪ੍ਰੋਗਰਾਮ 'ਚ ਪਹੁੰਚਣ ਸਮੇਂ ਨੀਰੂ ਕਾਫੀ ਪਰੇਸ਼ਾਨ ਸੀ। ਫਿਰ ਵੀ ਉਨ੍ਹਾਂ ਨੇ ਹੌਸਲਾ ਨਾ ਛੱਡਿਆ ਅਤੇ 20 ਮਿੰਟ ਸਟੇਜ 'ਤੇ ਗੁਜ਼ਾਰੇ। ਇਸ ਦੌਰਾਨ ਉਹ ਰੋਣ ਲੱਗ ਪਈ। ਇਸ ਤੋਂ ਇਲਾਵਾ ਮੀਡੀਆ ਦੇ ਲੋਕਾਂ ਵਲੋਂ 1 ਮਿੰਟ ਦਾ ਮੌਨ ਵੀ ਰੱਖਿਆ ਗਿਆ। 


ਜਾਣਕਾਰੀ ਅਨੁਸਾਰ ਨੀਰੂ ਬਾਜਵਾ ਦੇ ਪਤੀ ਹੈਰੀ ਸਿੰਘ ਜਵੰਧਾ ਵੀ ਪਹਿਲੀ ਵਾਰ ਨੀਰੂ ਨਾਲ ਫਿਲਮ 'ਚੰਨੋ' ਦੇ ਪ੍ਰਚਾਰ ਲਈ ਪਹੁੰਚੇ ਸਨ। ਨੀਰੂ ਨੇ ਦੱਸਿਆ ਕਿ ਇਹ ਫਿਲਮ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਹੈ। ਜ਼ਿਕਰਯੋਗ ਹੈ ਕਿ ਨੀਰੂ ਨੇ ਪਰੈੱਸ ਕਾਨਫਰੰਸ 'ਚ ਮੀਡੀਆ ਨਾਲ ਗੱਲ ਕਰਨ ਤੋਂ ਬਾਅਦ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ। ਇਸ 'ਚ ਲੋਧੀ ਕਲੱਬ ਦਾ ਪ੍ਰੋਗਰਾਮ, ਮਾਲ ਦਾ ਪ੍ਰੋਗਰਾਮ ਨਾਲ ਹੀ ਲੁਧਿਆਣਾ, ਬਠਿੰਡਾ, ਅੰਮ੍ਰਿਤਸਰ ਅਤੇ ਜਾਲੰਧਰ 'ਚ ਹੋਣ ਵਾਲਾ ਫਿਲਮ ਦਾ ਪ੍ਰਮੋਸ਼ਨ ਵੀ ਰੱਦ ਕਰ ਦਿੱਤਾ। ਇਸ ਤੋਂ ਇਲਾਵਾ 18 ਫਰਵਰੀ ਨੂੰ ਚੰਡੀਗੜ 'ਚ ਫਿਲਮ ਦੇ ਪ੍ਰੀਮੀਅਰ ਵੀ ਰੱਦ ਕਰਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।