ਕੈਨੇਡਾ ਵਿਚ ਪੱਕੇ ਹੋਣ ਲਈ ਅੰਗਰੇਜ਼ੀ ਜ਼ਰੂਰੀ ਨਹੀਂ : ਜੌਹਨ ਮੈਕਲਮ

Global News

ਕੈਲਗਰੀ— ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੌਹਨ ਮੈਕਲਮ ਨੇ ਅੱਜ ਆਪਣੇ ਕੈਲਗਰੀ ਦੌਰੇ ਦੌਰਾਨ ਦੱਸਿਆ ਕਿ ਕੈਨੇਡਾ ਦੀ ਪੱਕੀ ਨਾਗਰਿਕਤਾ ਲੈਣ ਲਈ ਅੰਗਰੇਜ਼ੀ ਮੁਹਾਰਤ ਦੀ ਯੋਗਤਾ ਤੋਂ ਛੋਟ ਦਿੱਤੇ ਜਾਣ ਦੀ ਯੋਜਨਾ ਹੈ ਜਿਸ ਦਾ ਬਾਕਾਇਦਾ ਐਲਾਨ ਜਲਦੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਿਛਲੀ ਕੰਜ਼ਰਵੇਟਿਵ ਸਰਕਾਰ ਨੇ ਮੁਲਕ ਦੀ ਇਮੀਗਰੇਸ਼ਨ ਪ੍ਰਕਿਰਿਆ ਨੂੰ ਕਾਫੀ ਪੇਚੀਦਾ ਬਣਾ ਦਿੱਤਾ ਸੀ ਜਿਸ ਕਰਕੇ ਇਸ ਨੂੰ ਮੁੜ ਆਸਾਨ ਅਤੇ ਸਾਰਿਆਂ ਲਈ ਉਪਲਬਧ ਬਣਾਉਣ ਦੀ ਲੋੜ ਹੈ।
 

ਸੀਰੀਆ ਤੋਂ ਆਏ ਸ਼ਰਨਾਰਥੀਆਂ ਨੂੰ ਕੈਲਗਰੀ ਵਿੱਚ ਵਸਾਉਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜੌਹਨ ਮੈਕਲਮ ਕੈਲਗਰੀ ਆਏ ਸਨ । ਕੈਨੇਡਾ ਦੇ ਸਾਬਕਾ ਇਮੀਗਰੇਸ਼ਨ ਮੰਤਰੀ ਜੈਸਨ ਕੈਨੀ ਦੇ ਕਾਰਜਕਾਲ ਦੌਰਾਨ ਕੈਨੇਡਾ ਦੀ ਪੱਕੀ ਨਾਗਰਿਤਾ ਲੈਣ ਲਈ 18 ਤੋਂ 64 ਸਾਲ ਦੇ ਬਿਨੈਕਾਰਾਂ ਨੂੰ ਅੰਗਰੇਜ਼ੀ ਵਿੱਚ ਸੁਣਨ ਅਤੇ ਬੋਲਣ ਦੀ ਮੁਹਾਰਤ ਵਿੱਚੋਂ ਕੁਝ ਬੈਂਡ ਲੈਣੇ ਲਾਜ਼ਮੀ ਕਰ ਦਿੱਤੇ ਗਏ ਸਨ । ਦੇਸ਼ ਦੇ ਕੁਝ ਹਿੱਸਿਆਂ ਵਿੱਚ ਇਹੀ ਸ਼ਰਤ ਫਰੈਂਚ ਭਾਸ਼ਾ ਵਿੱਚ ਪੂਰੀ ਕਰਨ ਦੀ ਸ਼ਰਤ ਲਾਗੂ ਕੀਤੀ ਗਈ ਸੀ। ਸ੍ਰੀ ਮੈਕਲਮ ਨੇ ਇੱਥੋਂ ਦੇ ਇੱਕ ਰੇਡੀਓ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਵਲੋਂ ਇਮੀਗਰੇਸ਼ਨ ਪ੍ਰਕਿਰਿਆ ਵਿੱਚ ਹੋਰ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਬਕਾਇਦਾ ਐਲਾਨ ਜਲਦੀ ਕੀਤਾ ਜਾਵੇਗਾ । 
 

'ਐਕਸਪ੍ਰੈਸ ਐਂਟਰੀ ਵੀਜ਼ਾ' ਰਾਹੀਂ ਵਿਦਿਆਰਥੀਆਂ ਨੂੰ ਕੋਈ ਵੀ ਫਾਇਦਾ ਨਾ ਹੋਣ ਬਾਰੇ ਪੁੱਛੇ ਇੱਕ ਸਵਾਲ ਦਾ ਉੱਤਰ ਦਿੰਦਿਆਂ ਉਨ੍ਹਾਂ  ਕਿਹਾ ਕਿ ਵਿਦਿਆਰਥੀ ਕੈਨੇਡਾ ਦਾ ਭਵਿੱਖ ਹਨ ਜਿਸ ਕਰਕੇ ਇਹਨਾਂ ਨੂੰ ਸੰਭਾਲਣਾ ਸਰਕਾਰ ਦਾ ਪਹਿਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੀਜ਼ੇ ਉਪਰ ਕੈਨੇਡਾ ਆ ਰਹੇ ਪਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਰਕਾਰ ਜਲਦ ਹੀ ਨੀਤੀ ਬਣਾਏਗੀ । ਵਰਕ ਪਰਮਿਟ ਉਪਰ  ਕੈਨੇਡਾ ਆਏ ਵਿਅਕਤੀਆਂ ਦੇ ਸ਼ੋਸ਼ਣ ਬਾਰੇ ਉਹਨਾਂ ਕਿਹਾ ਸਰਕਾਰ ਕੋਲ ਇਸ ਬਾਰੇ ਸ਼ਿਕਾਇਤਾਂ ਪਹਿਲਾਂ ਹੀ ਪੁੱਜ ਚੁੱਕੀਆਂ ਹਨ ਅਤੇ ਇਸ ਬਾਰੇ ਪੁੱਛ-ਪੜ੍ਹਤਾਲ ਕੀਤੀ ਜਾ ਰਹੀ ਹੈ। ਸਪਾਊਸ(ਪਤੀ-ਪਤਨੀ) ਵੀਜ਼ੇ ਤੋਂ ਬਾਅਦ ਪੀ.ਆਰ. ਲੈਣ ਲਈ 2 ਸਾਲ ਦੀ ਸ਼ਰਤ ਬਾਰੇ ਜੌਹਨ ਮੈਕਲ ਨੇ ਦੱਸਿਆ ਕਿ ਇਸ ਨੂੰ ਹੋਰ ਸੌਖਿਆਂ ਬਣਾਉਣ ਦਾ ਵਿਚਾਰ ਹੈ। ਮਾਪਿਆਂ ਦੀ ਵੀਜ਼ਾ ਪ੍ਰਕਿਰਿਆ ਨੂੰ ਵੀ ਹੋਰ ਸੌਖਿਆਂ ਕਰਨ ਬਾਰੇ ਇਮੀਗਰੇਸ਼ਨ ਮੰਤਰੀ ਨੇ ਇਸ਼ਾਰਾ ਕੀਤਾ।