ਉਬੇਰ ਨੂੰ ਹੋਰ ਟੈਕਸੀਆਂ ਵਾਂਗ ਕੀਤਾ ਜਾਵੇ ਕੰਟਰੋਲ

Global News

ਟੋਰਾਂਟੋ— ਬਹੁਗਿਣਤੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਟੈਕਸੀ ਵਾਲੇ ਨਿਯਮ ਕਾਨੂੰਨ ਹੀ ਉਬੇਰ ਲਈ ਵੀ ਹੋਣੇ ਚਾਹੀਦੇ ਹਨ। ਇਹ ਗੱਲ ਇਕ ਨਵੇਂ ਸਰਵੇਖਣ ਵਿਚ ਸਾਹਮਣੇ ਆਈ ਹੈ।ਐਂਗਸ ਰੀਡ ਇੰਸਟੀਚਿਊਟ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ 63 ਫੀਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਉਬੇਰ ਨੂੰ ਵੀ ਟੈਕਸੀਆਂ ਵਾਂਗ ਹੀ ਕੰਟਰੋਲ ਕਰਨਾ ਚਾਹੀਦਾ ਹੈ, ਜਦੋਂ ਕਿ 37 ਫੀਸਦੀ ਦਾ ਕਹਿਣਾ ਹੈ ਕਿ ਉਬੇਰ ਨੂੰ ਟੈਕਸੀ ਵਾਲੇ ਨਿਯਮਾਂ ਤੋਂ ਬਿਨਾਂ ਹੀ ਸੇਵਾਵਾਂ ਦਿੰਦੇ ਰਹਿਣਾ ਚਾਹੀਦਾ ਹੈ।


ਇਹ ਸਰਵੇਖਣ ਉਸ ਸਮੇਂ ਕਰਵਾਇਆ ਗਿਆ ਜਦੋਂ ਟੋਰਾਂਟੋ ਦੇ ਟੈਕਸੀ ਡਰਾਈਵਰਾਂ ਨੇ ਇਸ ਵੀਕੈਂਡ ਹੋਣ ਜਾ ਰਹੀ ਐਨ. ਬੀ. ਏ. ਆਲ ਸਟਾਰ ਗੇਮ ਦੇ ਮੱਦੇਨਜ਼ਰ ਉਬੇਰ ਖਿਲਾਫ ਕੀਤੀ ਜਾਣ ਵਾਲੀ ਆਪਣੀ ਹੜਤਾਲ ਵਾਪਸ ਲੈ ਲਈ। ਟੈਕਸੀ ਡਰਾਈਵਰਾਂ ਨੇ ਦੇਸ਼ ਦੇ ਹੋਰਨਾਂ ਹਿੱਸਿਆਂ ਜਿਵੇਂ ਕਿ ਮਾਂਟਰੀਅਲ ਆਦਿ ਵਿਚ ਵੀ ਹੜਤਾਲ ਕੀਤੀ। ਹਾਲ ਦੀ ਘੜੀ ਉਬੇਰ ਨੂੰ ਵੈਨਕੂਵਰ, ਜੋ ਕਿ ਕੈਨੇਡਾ ਦਾ ਤੀਜਾ ਵੱਡਾ ਸ਼ਹਿਰ ਹੈ, ਵਿਚ ਬੰਦ ਕੀਤਾ ਗਿਆ ਹੈ ਪਰ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਬਹੁਗਿਣਤੀ ਕੈਨੇਡੀਅਨਾਂ ਨੂੰ ਉਬੇਰ ਨਾਲ ਕੋਈ ਸਮੱਸਿਆ ਨਹੀਂ ਹੈ। ਉਬੇਰ ਦੀਆਂ ਸੇਵਾਵਾਂ ਲੈਣ ਵਾਲੇ ਸਿਰਫ 8 ਫੀਸਦੀ ਨੇ ਹੀ ਇਸ ਬਾਰੇ ਨਕਾਰਾਤਮਕ ਰਾਇ ਪ੍ਰਗਟਾਈ ਹੈ।