ਇਜ਼ਰਾਈਲਿਆਂ ''ਤੇ ਹਮਲੇ ''ਚ 5 ਫਲੀਸਤੀਨੀ ਹਮਲਾਵਰ ਮਾਰੇ ਗਏ

Global News

ਯਰੂਸ਼ਲਮ— ਪੱਛਮੀ ਤੱਟ ਅਤੇ ਯਰੂਸ਼ਲਮ ਵਿਚ ਇਜ਼ਰਾਈਲੀਆਂ 'ਤੇ ਹਮਲਾ ਕਰਨ ਦੀ ਕੋਸ਼ਸ਼ ਵਿਚ 5 ਫਲੀਸਤੀਨੀ ਮਾਰੇ ਗਏ ਹਨ। ਫਲੀਸਤੀਨੀਆਂ ਵਲੋਂ ਅਕਤੂਬਰ ਤੋਂ ਭੜਕਾਏ ਗਏ ਹਮਲਿਆਂ ਦੀ ਤਾਜਾ ਘਟਨਾ ਵਿਚ ਪੱਛਮੀ ਤੱਟ ਅਤੇ ਯਰੂਸ਼ਲਮ ਵਿਚ ਇਹ ਹਮਲੇ ਉਸ ਸਮੇਂ ਕੀਤੇ ਜਾ ਰਹੇ ਹਨ ਜਦ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਸਾਮੰਥਾ ਪਾਵਰ ਦੋਵੇਂ ਪੱਖਾਂ ਦੇ ਨੇਤਾਵਾਂ ਨਾਲ ਗੱਲਬਾਤ ਲਈ ਇਜ਼ਰਾਈਲ ਅਤੇ ਫਲੀਸਤੀਨੀ ਖੇਤਰਾਂ ਦੇ ਦੌਰੇ 'ਤੇ ਹਨ। 
 

ਪਹਿਲੀ ਘਟਨਾ ਵਿਚ ਪੱਛਮੀ ਜੇਨਿਨ ਸ਼ਹਿਰ ਵਿਚ ਇਜ਼ਰਾਈਲੀ ਪੁਲਸ ਗਸ਼ਤੀ ਦਲ 'ਤੇ 15 ਸਾਲ ਦੇ ਦੋ ਮੁੰਡਿਆਂ ਨੇ ਫੌਜੀਆਂ 'ਤੇ ਗੋਲੀਆਂ ਦਾਗੀਆਂ।  ਫੌਜੀਆਂ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਮੁੰਡਿਆਂ ਦੀ ਮੌਤ ਹੋ ਗਈ। ਫਲੀਸਤੀਨੀ ਸਿਹਤ ਮੰਤਰਾਲੇ ਨੇ ਮਾਰੇ ਗਏ ਮੁੰਡਿਆਂ ਦੀ ਪਹਿਚਾਣ ਕਰ ਲਈ ਹੈ ਇਨ੍ਹਾਂ ਦੇ ਨਾਮ ਨਿਹਾਦ ਵਾਕੇਦ ਅਤੇ ਫਵਾਦ ਵਾਕੇਦ ਹਨ। ਇਹ ਇਕ-ਦੂਜੇ ਦੇ ਰਿਸ਼ਤੇਦਾਰ ਸਨ। 
 

ਦੂਜੀ ਘਟਨਾ ਵੀ ਉਸੇ ਦਿਨ ਦੀ ਹੈ। ਯਰੂਸ਼ਲਮ ਅਤੇ ਬੇਥੇਲੇਹਮ ਵਿਚਕਾਰ ਪੱਛਮੀ ਤੱਟ 'ਤੇ ਇਕ ਫਲੀਸਤੀਨੀ ਨੇ ਇਜ਼ਰਾਈਲੀ ਪੁਲਸ ਕਰਮਚਾਰੀ ਨੂੰ ਚਾਕੂ ਮਾਰਨ ਦੀ ਕੋਸ਼ਸ਼ ਕੀਤੀ। ਪੁਲਸ ਕਰਮਚਾਰੀ ਨੇ ਹਮਲਾਵਰ ਨੂੰ ਜਵਾਬੀ ਕਾਰਵਾਈ ਵਿਚ ਮਾਰ ਦਿੱਤਾ। 
 

ਇਜ਼ਰਾਈਲੀ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ੍ਹ ਵੀ ਇਕ ਘਟਨਾ ਵਿਚ ਇਕ ਫਲੀਸਤੀਨੀ ਕੁੜੀ ਨੇ ਇਕ ਇਜ਼ਰਾਈਲੀ ਪੁਲਸ ਕਰਮਚਾਰੀ ਨੂੰ ਚਾਕੂ ਮਾਰਨ ਦੀ ਕੋਸ਼ਸ਼ ਕੀਤੀ ਸੀ ਪਰ ਜਵਾਬੀ ਕਾਰਵਾਈ ਵਿਚ ਉਹ ਕੁੜੀ ਹੀ ਜ਼ਖਮੀ ਹੋ ਗਈ ਅਤੇ ਉਸਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ। ਇਜ਼ਰਾਈਲੀ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸ਼ਨੀਵਾਰ ਨੂੰ ਵੀ ਅਜਿਹੀ ਹੀ ਇਕ ਘਟਨਾ ਵਾਪਰੀ ਸੀ ਜਿਸ ਵਿਚ 17 ਸਾਲ ਦਾ ਫਲੀਸਤੀਨੀ ਮੁੰਡਾ ਮਾਰਿਆ ਗਿਆ ਸੀ ਅਤੇ 2 ਹਥਿਆਰਬੰਦ ਫਲੀਸਤੀਨੀ ਇਸੇ ਤਰ੍ਹਾਂ ਦੀ ਘਟਨਾ ਵਿਚ ਮਾਰੇ ਗਏ ਸਨ।