ਸਵਾਰੀ ਨੇ ਚਾਕੂ ਦੀ ਨੋਕ ''ਤੇ ਪੰਜਾਬੀ ਡਰਾਇਵਰ ਲੁੱਟਿਆ

Global News

ਨਿਊਯਾਰਕ— ਨਜ਼ਦੀਕੀ ਪੇਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ਵਿਖੇ ਰਾਤ ਨੂੰ 12 ਵਜੇ ਇਕ ਪੰਜਾਬੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਜਸਵੰਤ ਸਿੰਘ ਮਾਨ ਨੂੰ ਟੈਕਸੀ ਚਲਾਉਂਦੇ ਸਮੇਂ ਇਕ ਸਵਾਰ ਵਲੋਂ ਸਿਟੀ ਦੀ 4 ਸਟ੍ਰੀਟ ਤੋਂ ਪੰਜ ਕੁ ਬਲਾਕ 'ਤੇ ਸਥਿਤ ਕੈਥਰਿਨ ਸਟ੍ਰੀਟ ਲਈ ਜਾਣ ਨੂੰ ਕਿਹਾ, ਦੋ ਕੁ ਬਲਾਕ ਅੱਗੇ ਜਾ ਕੇ ਉਸਨੇ ਡਰਾਈਵਰ ਨੂੰ ਕਿਹਾ ਕਿ ਉਹ ਉਸ ਨੂੰ ਸਾਰੇ ਪੈਸੇ ਦੇ ਦੇਵੇ ਨਹੀਂ ਤਾਂ ਉਹ ਉਸ ਨੂੰ ਗੋਲੀ ਮਾਰ ਦੇਵੇਗਾ। ਸਮਝਦਾਰੀ ਨਾਲ ਕੰਮ ਲੈਂਦੇ ਹੋਏ ਅਤੇ ਜਾਨ ਦੇ ਖਤਰੇ ਨੂੰ ਦੇਖਦੇ ਹੋਏ ਉਸ ਕੋਲ ਸਿਰਫ਼ 60 ਕੁ ਡਾਲਰ ਸਨ, ਜੋ ਉਸ ਨੇ ਦੇ ਦਿੱਤੇ, ਕਿਉਂਕਿ ਉਸ ਵਕਤ ਡਰਾਈਵਰ ਦੀ ਸੇਫ਼ਟੀ ਵਾਲੀ ਬੁਲੇਟ ਪਰੂਫ ਖਿੜਕੀ ਖੁੱਲ੍ਹੀ ਸੀ। ਇੰਨੇ 'ਚ ਉਸ ਨੇ ਤੇਜ਼ਧਾਰ ਚਾਕੂ ਕੱਢ ਕੇ ਉਸ ਦੀ ਗਰਦਨ 'ਤੇ ਰੱਖ ਦਿੱਤਾ, ਦਲੇਰ ਡਰਾਈਵਰ ਵਲੋਂ ਇਕ ਹੱਥ ਨਾਲ ਸਟੇਅਰਿੰਗ ਫੜੀ ਅਤੇ ਦੂਜੇ ਹੱਥ ਨਾਲ ਚਾਕੂ ਨੂੰ ਆਪਣੇ ਉਤੇ ਵਾਰ ਹੋਣ ਤੋਂ ਰੋਕਦਾ ਰਿਹਾ।


ਆਪਣਾ ਬਚਾਓ ਕਰਦੇ ਸਮੇਂ ਆਪਸ 'ਚ ਉਲਝਦੇ ਹੋਏ ਉਸ ਦੇ ਹੱਥ 'ਤੇ ਚਾਕੂ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਉਸਦੇ ਹੱਥ 'ਤੇ 5 ਟਾਂਕੇ ਲੱਗੇ। ਟੈਕਸੀ ਡਰਾਈਵਰ ਮਾਨ ਨੇ ਪੱਤਰਕਾਰ ਨੂੰ ਦੱਸਿਆ ਕਿ ਬਚਾਅ ਲਈ ਉਲਝਦੇ ਸਮੇਂ ਉਸ ਦਾ ਫੋਨ ਵੀ ਹੇਠਾਂ ਸੀਟ ਥੱਲੇ ਡਿੱਗ ਪਿਆ ਸੀ। ਇੰਨੇ ਨੂੰ ਉਹ ਬਾਰੀ ਖੋਲ੍ਹ ਕੇ ਫਰਾਰ ਹੋ ਗਿਆ। ਡਰਾਈਵਰ ਵਲੋਂ ਜ਼ਖ਼ਮੀ ਹਾਲਤ 'ਚ ਉਸ ਦਾ ਪਿੱਛਾ ਕਰਨ ਦੇ ਬਾਵਜੂਦ ਉਹ ਗਲੀਆਂ ਵਿਚ ਭੱਜ ਗਿਆ। ਸਥਾਨਕ ਪੁਲਸ ਵਲੋਂ ਰੋਡ 'ਤੇ ਲੱਗੇ ਕੈਮਰਿਆਂ ਦੀ ਫੁਟੇਜ ਤੋਂ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ ਪਰ ਅਜੇ ਤੱਕ ਉਸ ਦੀ ਭਾਲ ਜਾਰੀ ਹੈ।