ਵੈਲੇਨਟਾਈਨ ਮਨਾ ਰਿਹਾ ਸੀ ਪ੍ਰੇਮੀ ਜੋੜਾ, ਜੀਜੇ ਨੇ ਪ੍ਰੇਮੀ ਨੂੰ ਚੌਥੀ ਮੰਜ਼ਲ ਤੋਂ ਸੁੱਟਿਆ

Global News

ਗੁੜਗਾਓਂ— ਵੈਲੇਨਟਾਈਨ ਡੇਅ 'ਤੇ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ ਵਿਆਹੇ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਈਸ਼ਵਰ ਨੂੰ 4 ਮੰਜ਼ਲਾਂ ਇਮਾਰਤ ਤੋਂ ਸੁੱਟ ਦਿੱਤਾ। ਹਸਪਤਾਲ 'ਚ ਐਤਵਾਰ ਦੀ ਸਵੇਰ ਉਸ ਨੇ ਦਮ ਤੋੜ ਦਿੱਤਾ। ਲੜਕੀ ਤੋਂ ਹੋਏ ਖੁਲਾਸੇ ਤੋਂ ਬਾਅਦ ਪੁਲਸ ਨੇ ਉਸ ਦੇ ਜੀਜੇ ਰਮੇਸ਼ ਅਤੇ ਡਰਾਈਵਰ ਅਨਿਲ ਨੂੰ ਗ੍ਰਿਫਤਾਰ ਕਰ ਲਿਆ ਹੈ। ਲੜਕੀ ਨੇ ਪੁਲਸ ਨੂੰ ਦੱਸਿਆ ਕਿ 8 ਸਾਲ ਪਹਿਲਾਂ ਈਸ਼ਵਰ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ। ਸਮੇਂ ਦੇ ਨਾਲ ਦੋਹਾਂ ਦਰਮਿਆਨ ਪਿਆਰ ਹੋਇਆ। ਵੈਲੇਨਟਾਈਨ ਡੇਅ 'ਤੇ ਦੋਹਾਂ ਨੇ ਲੜਕੀ ਦੇ ਫਲੈਟ 'ਤੇ ਮਿਲਣ ਦੀ ਯੋਜਨਾ ਬਣਾਈ।

 

ਮ੍ਰਿਤਕ ਈਸ਼ਵਰ ਪਹਿਲਾਂ ਤੋਂ ਵਿਆਹਿਆ ਸੀ। ਉਹ ਪਤਨੀ ਨੂੰ ਸਰਪ੍ਰਾਈਜ਼ ਦੇਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਦੋਵੇਂ ਫਲੈਟ 'ਚ ਇਕੱਲੇ ਪੁੱਜੇ, ਉਦੋਂ ਲੜਕੀ ਦਾ ਮੂੰਹ ਬੋਲਿਆ ਜੀਜਾ ਅਤੇ ਉਸ ਦਾ ਦੋਸਤ ਰਮੇਸ਼ ਉੱਥੇ ਪੁੱਜ ਗਏ। ਫਲੈਟ 'ਚ ਦੋਹਾਂ ਨੂੰ ਦੇਖ ਕੇ ਰਮੇਸ਼ ਗੁੱਸੇ 'ਚ ਆ ਗਿਆ ਅਤੇ ਈਸ਼ਵਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੋਹਾਂ 'ਚ ਕੁੱਟਮਾਰ ਵੀ ਸ਼ੁਰੂ ਹੋ ਗਈ। ਦੋਸ਼ ਹੈ ਕਿ ਇਸੇ ਦੌਰਾਨ ਫਲੈਟ ਦੀ ਬਾਲਕਨੀ ਤੋਂ ਈਸ਼ਵਰ ਨੂੰ ਹੇਠਾਂ ਸੁੱਟ ਦਿੱਤਾ।


ਹੇਠਾਂ ਡਿੱਗਣ ਨਾਲ ਈਸ਼ਵਰ ਦੇ ਸਿਰ 'ਤੇ ਕਾਫੀ ਸੱਟ ਲੱਗੀ। ਹਾਲਾਂਕਿ 4 ਮੰਜ਼ਲਾਂ ਤੋਂ ਡਿੱਗਣ ਤੋਂ ਬਾਅਦ ਵੀ ਉਸ ਦੇ ਸਰੀਰ ਤੋਂ ਕਿਤੇ ਖੂਨ ਨਹੀਂ ਨਿਕਲਿਆ ਸੀ। ਲੜਕੀ ਨਾਲ ਰਮੇਸ਼ ਅਤੇ ਅਨਿਲ ਵੀ ਉਸ ਦੇ ਡਿੱਗਣ ਤੋਂ ਬਾਅਦ ਹੇਠਾਂ ਆਏ ਅਤੇ ਈਸ਼ਵਰ ਨੂੰ ਇਕ ਪ੍ਰਾਈਵੇਟ ਹਸਪਤਾਲ ਲੈ ਗਏ ਪਰ ਸ਼ੱਕ ਹੋਣ 'ਤੇ ਡਾਕਟਰਾਂ ਨੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਪੁੱਜ ਗਈ। ਸ਼ੁਰੂ 'ਚ ਤਾਂ ਤਿੰਨਾਂ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਸ ਨੇ ਸਖਤੀ ਨਾਲ ਪੁੱਛਿਆ ਤਾਂ ਲੜਕੀ ਨੇ ਪੂਰੇ ਮਾਮਲੇ ਦੀ ਖੁਲਾਸਾ ਕਰ ਦਿੱਤਾ।