ਇਸ ਮਹੀਨੇ ਵੀ ਨਹੀਂ ਮਿਲਣਗੇ ਭਾਰਤ-ਪਾਕਿ ਦੇ ਹੱਥ!

Global News

ਇਸਲਾਮਾਬਾਦ— ਭਾਰਤ-ਪਾਕਿਸਤਾਨ ਦੇ ਵਿਚ ਪ੍ਰਸਤਾਵਤ ਵਿਦੇਸ਼ ਸਕੱਤਰ ਪੱਧਰ ਦੀ ਵਾਰਤਾ ਇਸ ਮਹੀਨੇ ਵੀ ਨਹੀਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੇ ਵੀ ਇਕ-ਦੂਜੇ ਦੇ ਸੰਪਰਕ ਵਿਚ ਹਨ ਅਤੇ ਗੱਲਬਾਤ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਵਿਦੇਸ਼ ਸਕੱਤਰਾਂ ਦੀ ਇਹ ਵਾਰਤਾ ਫਰਵਰੀ ਦੇ ਅੰਤ ਤੱਕ ਹੋਵੇਗੀ। ਉੱਚ ਅਹੁਦਾ ਅਧਿਕਾਰੀਆਂ ਮੁਤਾਬਕ ਭਾਰਤ ਸਰਕਾਰ ਇਸ ਵਾਰਤਾ ਦੀਆਂ ਨਵੀਆਂ ਤਰੀਕਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਲਦਬਾਜ਼ੀ ਵਿਚ ਨਹੀਂ ਹੈ। ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਪਹਿਲਾਂ ਜੈਸ਼-ਏ-ਮੁਹੰਮਦ ਦੇ ਸਰਗਣਾ ਅਤੇ ਪਠਾਨਕੋਟ ਏਅਰਬੇਸ 'ਤੇ ਹਮਲੇ ਦੇ ਗੁਨਾਹਗਾਰ ਮਸੂਦ ਅਜਹਰ ਦੇ ਖਿਲਾਫ ਕਾਰਵਾਈ ਕਰੇ। ਭਾਰਤ ਉਸ ਦੇ ਖਿਲਾਫ ਸਬੂਤ ਪਹਿਲਾਂ ਹੀ ਪਾਕਿਸਤਾਨ ਨੂੰ ਸੌਂਪ ਚੁੱਕਾ ਹੈ ਪਰ ਪਾਕਿਸਤਾਨ ਉਨ੍ਹਾਂ ਸਬੂਤਾਂ ਨੂੰ ਨਕਾਰ ਰਿਹਾ ਹੈ। 
 

ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਣ ਵਾਲੀ ਇਹ ਵਾਰਤਾ ਉਸ ਸਮੇਂ ਸੰਕਟਾਂ ਵਿਚ ਘਿਰ ਗਈ ਸੀ, ਜਦੋਂ ਹਾਲ ਹੀ ਵਿਚ ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਵੱਖਵਾਦੀ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਨੂੰ ਮਿਲੇ ਸਨ। ਦੋਹਾਂ ਨੇਤਾਵਾਂ ਵਿਚਕਾਰ ਕਸ਼ਮੀਰ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ ਸੀ, ਜਿਸ ਕਰਕੇ ਪਹਿਲਾਂ ਇਸੇ ਮੁੱਦੇ ਨੂੰ ਲੈ ਕੇ ਹੋਣ ਵਾਲੀ ਵਾਰਤਾ ਟਾਲ ਦਿੱਤੀ ਗਈ ਸੀ। ਵਿਦੇਸ਼ ਸਕਤੱਰਾਂ ਦੀ ਇਹ ਵਾਰਤਾ 15 ਜਨਵਰੀ ਤੋਂ ਟਲਦੀ ਆ ਰਹੀ ਹੈ। 1-2 ਜਨਵਰੀ ਦੀ ਦਰਮਿਆਨੀ ਰਾਤ ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ 15 ਜਨਵਰੀ ਨੂੰ ਹੋਣ ਵਾਲੀ ਇਹ ਵਾਰਤਾ ਰੱਦ ਕਰ ਦਿੱਤੀ ਗਈ ਸੀ।