ਅਮਰੀਕੀ ਰਾਸ਼ਟਰਪਤੀ ਚੋਣਾਂ: ਇਸ ਤਰ੍ਹਾਂ ਚੁਣੇ ਜਾਂਦੇ ਨੇ ਉਮੀਦਵਾਰ

Global News

ਵਾਸ਼ਿੰਗਟਨ— ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣ ਮੁਹਿੰਮ ਜ਼ੋਰਾਂ 'ਤੇ ਸ਼ੁਰੂ ਹੈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦਾ ਪਹਿਲਾ ਪੜ੍ਹਾਅ ਸ਼ੁਰੂ ਹੋ ਚੁੱਕਿਆ ਹੈ। ਅਮਰੀਕਾ ਵਿਚ ਰਾਸ਼ਟਰਪਤੀ ਚੋਣ ਪ੍ਰਕਿਰਿਆ ਕਈ ਗੇੜਾਂ ਵਿਚ ਪੂਰੀ ਹੁੰਦੀ ਹੈ। ਇਹ ਪ੍ਰਕਿਰਿਆ ਕੁਝ ਇਸ ਤਰ੍ਹਾਂ ਹੈ—

 

1. ਪ੍ਰਾਇਮਰੀ ਚੋਣਾਂ ਤੇ ਕਾਕਸ—  ਸਾਰੀਆਂ ਪਾਰਟੀਆਂ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਮੈਂਬਰਾਂ ਵੱਲੋਂ ਦਾਅਵੇਦਾਰੀ ਪੇਸ਼ ਕਰਨ ਤੋਂ ਬਾਅਦ ਪਹਿਲੇ ਗੇੜ ਵਿਚ ਕਈ ਸੂਬਿਆਂ ਵਿਚ ਪ੍ਰਾਇਮਰੀ ਅਤੇ ਕਈਆਂ ਵਿਚ ਕਾਕਸ ਬੈਠਕਾਂ ਹੁੰਦੀਆਂ ਹਨ।  ਅਮਰੀਕਾ ਦੇ ਹਰ ਸੂਬੇ ਵਿਚ ਰਹਿਣ ਵਾਲੇ ਅਮਰੀਕੀ ਹੀ ਨਹੀਂ ਸਗੋਂ ਵਿਦੇਸ਼ ਵਿਚ ਰਹਿਣ ਵਾਲੇ ਅਮਰੀਕੀ ਵੀ ਦੋਹਾਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਚੋਣ ਪ੍ਰਾਇਮਰੀ ਜਾਂ ਫਿਰ ਕਾਕਸ ਦੀ ਪ੍ਰਕਿਰਿਆ ਤਹਿਤ ਕਰਦੇ ਹਨ। ਫਿਰ ਜੇਤੂ ਉਮੀਦਵਾਰ ਪਾਰਟੀ ਕਨਵੈਂਸ਼ਨ ਵਿਚ ਆਪਣੇ ਪ੍ਰਤੀਨਿਧੀ ਜਮਾਂ ਕਰਦੇ ਹਨ। ਇਨ੍ਹਾਂ ਪ੍ਰਤੀਨਿਧੀਆਂ ਕੋਲ ਉਮੀਦਵਾਰ ਦੇ ਪੱਖ ਵਿਚ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ ਅਤੇ ਇਸ ਤੋਂ ਬਾਅਦ ਪਾਰਟੀ ਰਸਮੀਂ ਤੌਰ 'ਤੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਦੀ ਹੈ। 

 

ਕਾਕਸ ਤੇ ਪ੍ਰਾਇਮਰੀ 'ਚ ਅੰਤਰ

ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਕਾਕਸ ਤੇ ਪ੍ਰਾਇਮਰੀ ਵਿਚ ਅੰਤਰ ਹੁੰਦਾ ਹੈ।

 

ਕਾਕਸ— ਕਾਕਸ ਵਿਚ ਸਕੂਲਾਂ, ਘਰਾਂ ਜਾਂ ਫਿਰ ਜਨਤਕ ਥਾਵਾਂ 'ਤੇ ਉਮੀਦਵਾਰ ਦੇ ਨਾਵਾਂ 'ਤੇ ਚਰਚਾ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕ ਹੱਥ ਉਠਾ ਕੇ ਉਮੀਦਵਾਰਾਂ ਦੀ ਚੋਣ ਕਰਦੇ ਹਨ। ਕਾਕਸ ਪ੍ਰਕਿਰਿਆ ਵੀ ਹਰ ਸੂਬੇ ਵਿਚ ਵੱਖ-ਵੱਖ ਤਰੀਕਿਆਂ ਨਾਲ ਹੁੰਦੀ ਹੈ। ਡੈਮੋਕ੍ਰੇਟਿਕ ਕਾਕਸ ਵਿਚ ਵੋਟਰ ਜਨਤਕ ਸਭਾ ਵਿਚ ਸਮੂਹਾਂ ਵਿਚ ਵੰਡ ਕੇ ਵੱਖ-ਵੱਖ ਉਮੀਦਵਾਰਾਂ ਪ੍ਰਤੀ ਆਪਣਾ ਸਮਰਥਨ ਜਤਾਉਂਦੇ ਹਨ। 

ਰੀਪਬਲਿਕਨ ਕਾਕਸ ਵਿਚ ਗੁਪਤ ਵੋਟਿੰਗ ਰਾਹੀਂ ਉਮੀਦਵਾਰਾਂ ਨੂੰ ਚੁਣਿਆ ਜਾਂਦਾ ਹੈ। 

 

ਪ੍ਰਾਇਮਰੀ ਵਿਚ ਬੈਲਟ ਰਾਹੀਂ ਵੋਟਿੰਗ ਹੁੰਦੀ ਹੈ। ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਤਰ੍ਹਾਂ ਵੋਟਿੰਗ ਹੁੰਦੀ ਹੈ। 

 

ਉਮੀਦਵਾਰ ਚੁਣਨ ਦਾ ਆਖਰੀ ਪੜਾਅ 

ਪ੍ਰਾਇਮਰੀ ਤੇ ਕਾਕਸ ਵਿਚ ਸਿੱਧੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨਹੀਂ ਚੁਣੇ ਜਾਂਦੇ। ਇਹ ਕੰਮ ਪ੍ਰਤੀਨਿਧੀਆਂ ਦੀ ਬੈਠਕ ਵਿਚ ਹੁੰਦਾ। ਇਹ ਪ੍ਰਤੀਨਿਧੀ ਸੰਬੰਧਤ ਪਾਰਟੀ ਦੇ ਮੈਂਬਰ ਹੀ ਹੁੰਦੇ ਹਨ। ਜਿਸ ਦੀ ਚੋਣ ਪ੍ਰਾਇਮਰੀਜ਼ ਵਿਚ ਕੀਤੀ ਜਾਂਦੀ ਹੈ। ਅਜਿਹਾ ਵੀ ਸੰਭਵ ਹੈ ਕਿ ਕੋਈ ਉਮੀਦਵਾਰ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਲਈ ਜ਼ਰੂਰੀ ਪ੍ਰਤੀਨਿਧੀਆਂ ਦਾ ਸਮਰਥਨ ਹਾਸਲ ਨਾ ਕਰ ਸਕੇ।  ਇਸ ਸਥਿਤੀ ਵਿਚ ਪਾਰਟੀ ਦੇ ਕਈ ਸੰਮੇਲਨ ਹੁੰਦੇ ਹਨ ਅਤੇ ਫਿਰ ਪ੍ਰਤੀਨਿਧੀਆਂ ਦੀ ਵੋਟਿੰਗ ਤੋਂ ਬਾਅਦ ਉਮੀਦਵਾਰ ਦਾ ਨਾਂ ਤੈਅ ਕੀਤਾ ਜਾਂਦਾ ਹੈ। ਇਕ ਵਾਰ ਪਾਰਟੀ ਦਾ ਉਮੀਦਵਾਰ ਦੇ ਨਾਂ ਤੈਅ ਹੋ ਜਾਵੇ ਫਿਰ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਹੁੰਦਾ ਹੈ।