ਸੰਸਦ ''ਚ ਸਾਡੀ ਆਵਾਜ਼ ਦਬਾਉਣ ਦੀ ਕੀਤੀ ਜਾਂਦੀ ਹੈ ਕੋਸ਼ਿਸ਼ : ਸੋਨੀਆ

Global News

ਰਾਏਬਰੇਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪਲਟਵਾਰ ਕਰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਸਦ ਵਿਚ ਜਦੋਂ ਗਰੀਬ ਅਤੇ ਆਮ ਆਦਮੀ ਦੀ ਆਵਾਜ਼ ਉਠਾਉਂਦੀ ਹੈ ਤਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਦੋਸ਼ ਕਾਂਗਰਸ ਪਾਰਟੀ ਅਤੇ ਗਾਂਧੀ-ਨਹਿਰੂ ਪਰਿਵਾਰ 'ਤੇ ਮੜਦੇ ਹਨ। ਹਾਲ ਹੀ ਵਿਚ ਮੋਦੀ ਨੇ ਗੁਹਾਟੀ ਦੀ ਰੈਲੀ ਵਿਚ ਕਾਂਗਰਸ ਪ੍ਰਧਾਨ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ 'ਤੇ ਦੋਸ਼ ਲਾਇਆ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਦਾ ਬਦਲਾ ਲੈਣ ਲਈ ਉਹ ਸੰਸਦ ਦੀ ਕਾਰਵਾਈ ਪ੍ਰਭਾਵਿਤ ਕਰਦੇ ਹਨ। 


ਸੋਨੀਆ ਨੇ ਇਥੇ ਪਾਰਟੀ ਅਹੁਦੇਦਾਰਾਂ ਦੀ ਬੈਠਕ ਵਿਚ ਕਿਹਾ ਕਿ ਕਾਂਗਰਸ ਗੰਗਾ-ਜਮੁਨਾ ਤਹਿਜੀਬ ਨੂੰ ਮੰਨਦੀ ਹੈ ਪਰ ਕੁਝ ਤਾਕਤਾਂ ਦੇਸ਼ ਦੀ ਫਿਰਕੂ ਖੁਸ਼ਹਾਲੀ ਨੂੰ ਵਿਗਾੜਨ ਦਾ ਕੰਮ ਕਰ ਰਹੀਆਂ ਹਨ। ਮੰਦਭਾਗਾ ਹੈ ਕਿ ਇਨ੍ਹਾਂ ਹੀ ਤਾਕਤਾਂ ਦੇ ਹੱਥ ਵਿਚ ਕੇਂਦਰ ਦੀ ਸੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਕਤਾਂ ਨੂੰ ਸਰਵਧਰਮ ਸਦਭਾਵਨਾ 'ਤੇ ਵਿਸ਼ਵਾਸ ਨਹੀਂ ਹੈ ਅਤੇ ਇਹ ਸੰਵਿਧਾਨਿਕ ਸੰਸਥਾਵਾਂ ਨੂੰ ਵੀ ਕਮਜ਼ੋਰ ਕਰਨ ਦਾ ਕੰਮ ਕਰ ਰਹੀਆਂ ਹਨ।


ਸੋਨੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲੇ 'ਨਾ ਖਾਵਾਂਗੇ ਨਾ ਖਾਣ ਦੇਵਾਂਗੇ' ਦਾ ਜ਼ਿਕਰ ਕਰਦੇ ਹੋਏ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਦੇ ਵਾਅਦੇ ਕੋਰੇ ਅਤੇ ਇਰਾਦੇ ਤਾਂ ਕੁਝ ਹੋਰ ਹੀ ਸਨ। ਮੋਦੀ ਨੇ ਦੋਸ਼ ਲਾਇਆ ਸੀ ਕਿ ਇਕ ਪਰਿਵਾਰ ਨਾਕਾਰਾਤਮਕ ਸਿਆਸਤ ਵਿਚ ਸ਼ਾਮਲ ਹੈ।