ਕਸ਼ਮੀਰ ''ਚ ਭਾਰੀ ਬਰਫਬਾਰੀ, ਹਜ਼ਾਰਾਂ ਵਾਹਨ ਫਸੇ

Global News

ਸ਼੍ਰੀਨਗਰ  (ਮਜੀਦ) - ਕਸ਼ਮੀਰ ਘਾਟੀ ਵਿਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਘਾਟੀ ਵਿਚ ਹੋਈ ਭਿਆਨਕ ਬਰਫਬਾਰੀ ਕਾਰਨ ਆਵਾਜਾਈ ਪ੍ਰਬੰਧ ਬੁਰੀ ਤਰ੍ਹਾਂ ਡਾਵਾਡੋਲ ਹੋ ਗਿਆ ਹੈ। ਸ਼੍ਰੀਨਗਰ ਏਅਰਪੋਰਟ 'ਤੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਕਈ ਫਲਾਈਟਾਂ ਕਾਫੀ ਦੇਰੀ ਨਾਲ ਹੋ ਰਹੀਆਂ ਹਨ, ਜਿਸ ਨਾਲ ਮੁਸਾਫਿਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀਨਗਰ ਏਅਰਪੋਰਟ 'ਤੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।  

 

ਇਸ ਤੋਂ ਪਹਿਲਾਂ ਵੀਰਵਾਰ ਨੂੰ ਘਾਟੀ ਵਿਚ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਵਿਗੜ ਗਿਆ ਸੀ। ਉੱਚੇ ਪਹਾੜੀ ਇਲਾਕਿਆਂ ਦੇ ਨਾਲ-ਨਾਲ ਕਈ ਹੇਠਲੇ ਇਲਾਕੇ ਵੀ ਬਰਫ ਦੀ ਚਿੱਟੀ ਚਾਦਰ ਨਾਲ ਢੱਕ ਗਏ। ਕੜਾਕੇ ਦੀ ਠੰਡ ਨਾਲ ਕਸ਼ਮੀਰ ਜਿਵੇਂ ਕਿ ਸਾਰਾ ਹੀ ਜਮ ਗਿਆ ਹੋਵੇ। ਓਧਰ ਭਾਰੀ ਬਰਫਬਾਰੀ ਕਾਰਨ  ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਸ਼ੁੱਕਰਵਾਰ ਨੂੰ ਦੂਸਰੇ ਦਿਨ ਵੀ ਬੰਦ ਰਿਹਾ, ਜਿਸ ਨਾਲ ਕਾਜੀਕੁੰਡ, ਰਾਮਬਨ ਅਤੇ ਊਧਮਪੁਰ ਨੇੜੇ ਮੁਸਾਫਿਰ ਵਾਹਨਾਂ ਸਮੇਤ ਹਜ਼ਾਰਾਂ ਵਾਹਨ ਫਸ ਗਏ ਹਨ।


ਇਸਦੇ ਇਲਾਵਾ ਭਾਰੀ ਬਰਫਬਾਰੀ ਨਾਲ ਕਸ਼ਮੀਰ ਡਵੀਜ਼ਨ ਦੇ ਕਈ ਇਲਾਕਿਆਂ ਦਾ ਸੰਪਰਕ ਵੀ ਇਕ-ਦੂਜੇ ਨਾਲ ਕੱਟ ਗਿਆ ਹੈ। ਕਈ ਇਲਾਕਿਆਂ ਵਿਚ ਬਿਜਲੀ, ਪਾਣੀ ਸਪਲਾਈ ਠੱਪ ਹੋ ਗਈ ਹੈ। ਪ੍ਰਸ਼ਾਸਨ ਅਤੇ ਪੁਲਸ  ਰਾਹਤ ਕਾਰਜਾਂ ਵਿਚ ਲੱਗੀ ਹੋਈ ਹੈ।  ਇਸੇ ਦਰਮਿਆਨ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਘਾਟੀ ਦੇ ਵਧੇਰੇ ਹਿੱਸਿਆਂ ਵਿਚ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਨਾਲ ਬਰਫ ਦੇ ਤੋਦੇ ਡਿੱਗਣ ਦੀ  ਵੀ ਚੇਤਾਵਨੀ ਜਾਰੀ ਕੀਤੀ ਗਈ ਹੈ।