ਸਿਟੀ ਕੌਂਸਲ ਦੇ ਭਰੋਸੇ ਮਗਰੋਂ ਟੈਕਸੀ ਵਾਲਿਆਂ ਦੀ ਹੜਤਾਲ ਮੁਲਤਵੀ

Global News

ਟੋਰਾਂਟੋ (ਹੀਰਾ ਰੰਧਾਵਾ)- ਊਬਰ-ਐਕਸ ਨੂੰ ਬੰਦ ਕਰਵਾਉਣ ਲਈ ਟੋਰਾਂਟੋ ਦੇ ਟੈਕਸੀ ਡਰਾਈਵਰਾਂ ਵਲੋਂ ਆਉਂਦੇ ਸ਼ੁੱਕਰਵਾਰ ਨੂੰ ਟੋਰਾਂਟੋ ਸ਼ਹਿਰ 'ਚ ਬਆਦ ਦੁਪਹਿਰ ਹੋਣ ਵਾਲੀ ਹੜਤਾਲ ਅਤੇ ਰੋਸ ਵਿਖਾਵਾ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨਾਈਟਡ ਟੈਕਸੀ ਵਰਕਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਨੁਸਾਰ ਅਜਿਹਾ ਸਿਟੀ ਕੌਂਸਲ ਨਾਲ ਹੋਈ ਮੀਟਿੰਗ ਦੌਰਾਨ ਕੌਂਸਲ ਵਲੋਂ ਊਬਰ ਖ਼ਿਲਾਫ਼ ਠੋਸ ਕਦਮ ਚੁੱਕੇ ਜਾਣ ਦੇ ਭਰੋਸੇ ਨੂੰ ਮੁੱਖ ਰਖਦਿਆਂ ਕੀਤਾ ਗਿਆ ਹੈ।ਫੈਸਲੇ ਅਨੁਸਾਰ ਕੌਂਸਲ ਵਲੋਂ ਗੈਰ-ਕਾਨੂੰਨੀ ਊਬਰ-ਐਕਸ ਖ਼ਿਲਾਫ਼ ਟੈਕਸੀ ਵਾਲਿਆਂ ਦੇ ਆਧਾਰ 'ਤੇ ਕੇਸ ਦਾਇਰ ਕੀਤਾ ਜਾਵੇਗਾ। ਸੂਚਨਾ ਅਨੁਸਾਰ ਟੈਕਸੀ ਵਾਲਿਆਂ ਨੇ ਸ਼ਹਿਰ ਦੇ ਫੂਡ ਤੇ ਹੋਟਲ ਉਦਯੋਗ ਦੇ ਨੁਮਾਇੰਦਿਆਂ ਤੇ ਸਿਟੀ ਕੌਂਸਲ ਦੀ ਮੀਟਿੰਗ 'ਚ ਕੀਤੀ ਅਪੀਲ ਮਗਰੋਂ ਸ਼ਹਿਰ 'ਚ ਹੋਣ ਵਾਲੀਆਂ ਆਲ ਸਟਾਰ ਖੇਡਾਂ ਦੇ ਮੱਦੇ ਨਜ਼ਰ ਅਜਿਹਾ ਫੈਸਲਾ ਕੀਤਾ ਹੈ।ਯਾਦ ਰਹੇ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਮੇਅਰ ਜੌਹਨ ਟੋਰੀ ਅਤੇ ਬੈੱਕ ਤੇ ਕੋਆਪ੍ਰੇਟਿਵ ਟੈਕਸੀ ਦੇ ਅਧਿਕਾਰੀਆਂ ਵਲੋਂ ਟੈਕਸੀ ਵਾਲਿਆਂ ਨੂੰ ਹੜਤਾਲ ਨਾ ਕਰਨ ਦੀ ਅਪੀਲ ਕੀਤੀ ਸੀ।ਇਸ ਸਬੰਧੀ ਪਹਿਲਾਂ ਮੇਅਰ ਨੇ ਕਿਹਾ ਸੀ ਕਿ ਭਾਵੇਂ ਕਿ ਟੈਕਸੀ ਡਰਾਈਵਰ ਭਾਰੀ ਤਨਾਅ 'ਚ ਹਨ ਪਰ ਸ਼ਹਿਰ 'ਚ ਹੋਣ ਵਾਲੀ ਐਨ. ਬੀ. ਏ. ਆਲ ਸਟਾਰ ਗੇਮ ਨੂੰ ਰੋਕਣ ਲਈ ਅਜਿਹੇ ਰੋਸ ਵਿਖਾਵੇ ਨਾਲ ਕੁਝ ਵੀ ਹਾਸਲ ਨਹੀਂ ਹੋਣ ਵਾਲਾ। ਇਸੇ ਤਰਜ਼ 'ਤੇ ਬੈੱਕ ਟੈਕਸੀ ਦੀ ਪ੍ਰਧਾਨ ਗੈਲ ਬੈੱਕ-ਸ਼ਾਓਟਰ ਅਤੇ ਕੋਆਪਰੇਟਿਵ ਟੈਕਸੀ ਨੇ ਆਪੋ-ਆਪਣੀ ਕੰਪਨੀ ਦੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਹੜਤਾਲ 'ਚ ਹਿੱਸਾ ਨਾ ਲੈਣ।ਬੈੱਕ ਨੇ ਕਿਹਾ ਸੀ ਕਿ ਇਸ ਨਾਲ ਉਲਟਾ ਊਬਰ ਕੰਪਨੀ ਨੂੰ ਹੀ ਫ਼ਾਇਦਾ ਹੋਵੇਗਾ।

 

ਇਸ ਨਾਲ ਹੀ ਅਸੀਂ ਲੋਕਾਂ ਨੂੰ ਸਮੇਂ ਸਿਰ ਸਰਵਿਸ ਨਾ ਦੇ ਕੇ ਉਨਾਂ ਦੀ ਹਮਾਇਤ ਵੀ ਗੁਆ ਬੈਠਾਂਗੇ।ਯੂਨਾਈਟਡ ਟੈਕਸੀ ਵਰਕਰਜ਼ ਐਸੋਸੀਏਸ਼ਨ ਵਾਲਿਆਂ ਦਾ ਕਹਿਣਾ ਸੀ ਕਿ ਉਕਤ ਰਾਈਡ ਸ਼ੇਅਰਿੰਗ ਕੰਪਨੀ ਖ਼ਿਲਾਫ਼ ਟੈਕਸੀ ਵਾਲਿਆਂ 'ਚ ਭਾਰੀ ਰੋਹ ਹੈ ਅਤੇ ਸਿਟੀ ਕੌਂਸਲ ਵਲੋਂ ਅਜਿਹੀਆਂ ਗੈਰ-ਕਾਨੂੰਨੀ ਤੌਰ 'ਤੇ ਅਪਣਾ ਕਾਰੋਬਾਰ ਕਰ ਰਹੀਆਂ ਕੰਪਨੀਆਂ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਉਨ੍ਹਾਂ ਇਹ ਗੱਲ ਵੀ ਸਾਫ਼ ਕਰ ਦਿੱਤੀ ਕਿ ਹੜਤਾਲ ਮੁਲਤਵੀ ਕਰਨ ਦਾ ਮਤਲਬ ਇਹ ਨਹੀਂ ਕਿ ਦੁਬਾਰਾ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਨਸਾਫ਼ ਨਾ ਮਿਲਣ ਦੀ ਸੂਰਤ 'ਚ ਭਵਿੱਖ 'ਚ ਹੜਤਾਲ ਤੇ ਰੋਸ ਵਿਖਾਵਾ ਵਧੇਰੇ ਜੋਸ਼ੋ ਖਰੋਸ਼ ਨਾਲ ਹੋਵੇਗਾ।