ਵੈਨੇਜ਼ੁਏਲਾ ਵਿਚ ਜੀਕਾ ਵਾਇਰਸ ਕਾਰਨ 3 ਲੋਕਾਂ ਦੀ ਮੌਤ

Global News

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਅੱਜ ਦੱਸਿਆ ਕਿ ਜੀਕਾ ਵਾਇਰਸ ਨਾਲ ਦੇਸ਼ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਜੀਕਾ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਾਦੁਰੋ ਨੇ ਰਾਸ਼ਟਰੀ ਟੀ.ਵੀ 'ਤੇ ਕਿਹਾ ਕਿ ਦੱਖਣੀ ਅਮਰੀਕਾ ਵਿਚ ਇਸ ਵਾਇਰਸ ਦੇ 319 ਮਾਮਲੇ ਸਨ। ''ਦੁੱਖ ਦੀ ਗੱਲ ਹੈ ਕਿ ਦੇਸ਼ ਵਿਚ ਜੀਕਾ ਵਾਇਰਸ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ।'' ਮਾਦੁਰੋ ਨੇ ਦੱਸਿਆ ਕਿ ਵਾਇਰਸ ਨਾਲ ਪ੍ਰਭਾਵਿਤ 68 ਮਰੀਜਾਂ ਨੂੰ ਆਈ. ਸੀ. ਯ.ੂ ਵਿਚ ਰੱਖਿਆ ਗਿਆ ਹੈ। ਦੇਸ਼ ਕੋਲ ਇਨ੍ਹਾਂ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਹਨ। ਉਨ੍ਹਾਂ ਨੇ ਹੋਰ ਜਾਣਕਾਰੀ ਦਿੱਤੇ ਬਿਨਾਂ ਦੱਸਿਆ ਕਿ 5 ਨਵੰਬਰ ਤੋਂ 8 ਫਰਵਰੀ ਤਕ ਜੀਕਾ ਦੇ 5,221 ਸ਼ੱਕੀ ਮਾਮਲੇ ਦਰਜ ਹੋਏ ਹਨ।

 

ਮਾਦੁਰੋ ਦਾ ਬਿਆਨ ਉਸ ਸਮੇਂ ਆਇਆ ਜਦ ਦੱਖਣੀ ਅਮਰੀਕਾ ਨੇ ਇਸ ਵਾਇਰਸ ਤੋਂ ਬਚਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਾਇਰਸ ਨਾਲ ਬੱਚਿਆਂ ਦੇ ਦਿਮਾਗ ਨੂੰ ਨੁਕਸਾਨ ਪੁੱਜਦਾ ਹੈ। ਇਸ ਬੀਮਾਰੀ ਨਾਲ ਪੀੜਤ ਬੱਚਾ ਘੱਟ ਦਿਮਾਗ ਅਤੇ ਛੋਟੇ ਸਿਰ ਵਾਲਾ ਹੁੰਦਾ ਹੈ। ਹਾਲਾਂਕਿ ਜੀਕਾ ਨਾਲ ਪੀੜਤ ਲੋਕਾਂ ਦੀ ਹਾਲਤ ਗੰਭੀਰ ਨਹੀਂ ਹੈ ਪਰ ਇਸ ਵਾਇਰਸ ਨੂੰ ਮਾਈਕਰੋਸੇਫੈਲੀ ਨਾਲ ਜੰਮੇ ਬੱਚਿਆਂ ਨਾਲ ਜੋੜਿਆ ਜਾ ਰਿਹਾ ਹੈ। ਅਜਿਹਾ ਵਾਇਰਸ ਗਰਭਵਤੀ ਮਾਂ ਤੋਂ ਬੱਚੇ ਨੂੰ ਹੋ ਜਾਂਦਾ ਹੈ।