ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਰਾਂਚੀ ਪਹੁੰਚੀਆਂ

Global News

ਰਾਂਚੀ- ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਤਿੰਨ ਟਵੰਟੀ-20 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਲਈ ਦੋਵੇਂ ਟੀਮਾਂ ਬੁੱਧਵਾਰ ਦੀ ਸ਼ਾਮ ਨੂੰ ਰਾਂਚੀ ਪਹੁੰਚ ਗਈਆਂ। ਕਪਤਾਨ ਮਹਿੰਦਰ ਸਿੰਘ ਧੋਨੀ ਦੇ ਆਪਣੇ ਸ਼ਹਿਰ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਪਹੁੰਚੀ ਭਾਰਤੀ ਟੀਮ ਦੇ ਖਿਡਾਰੀਆਂ ਦੀ ਇਕ ਝਲਕ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਦੇ ਪ੍ਰਸ਼ੰਸਕ ਪਹਿਲਾਂ ਹੀ ਮੌਜੂਦ ਸਨ। ਹਵਾਈ ਅੱਡੇ ਤੋਂ ਉਤਰਨ ਦੇ ਬਾਅਦ ਕਪਤਾਨ ਧੋਨੀ ਸਿੱਧੇ ਰਾਜਧਾਨੀ ਦੇ ਹਰਮੂ ਸਥਿਤ ਆਪਣੇ ਘਰ ਚਲੇ ਗਏ। ਦੋਹਾਂ ਟੀਮਾਂ ਦੇ ਬਾਕੀ ਖਿਡਾਰੀਆਂ ਨੂੰ ਰੈਡੀਸਨ ਬਲੂ ਹੋਟਲ ਲੈ ਜਾਇਆ ਗਿਆ।


ਸ਼ੁੱਕਰਵਾਰ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਦੂਜਾ ਟਵੰਟੀ-20 ਮੈਚ ਖੇਡਿਆ ਜਾਵੇਗਾ। ਸ਼੍ਰੀਲੰਕਾਈ ਟੀਮ ਪਹਿਲੇ ਮੈਚ 'ਚ ਮੇਜ਼ਬਾਨ ਭਾਰਤ ਨੂੰ 5 ਵਿਕਟ ਨਾਲ ਹਰਾ ਕੇ 3 ਟਵੰਟੀ-20 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਚਲ ਰਹੀ ਹੈ ਅਤੇ ਅਜਿਹੇ 'ਚ ਭਾਰਤ ਨੂੰ ਸੀਰੀਜ਼ 'ਚ ਬਣੇ ਰਹਿਣ ਦੇ ਲਈ ਦੂਜੇ ਮੁਕਾਬਲੇ 'ਚ ਹਰ ਹਾਲ 'ਚ ਜਿੱਤ ਦਰਜ ਕਰਨੀ ਹੋਵੇਗੀ।


ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ (ਜੇ.ਐੱਸ.ਸੀ.ਏ.) ਦੇ ਪ੍ਰਧਾਨ ਅਮਿਤਾਭ ਚੌਧਰੀ ਨੇ ਦੱਸਿਆ ਕਿ ਰਾਂਚੀ ਦੇ ਜੇ.ਐੱਸ.ਸੀ.ਏ. ਸਟੇਡੀਅਮ 'ਚ ਹੋਣ ਵਾਲੇ ਦੂਜੇ ਟਵੰਟੀ-20 ਮੈਚ ਦੇ ਲਈ 11 ਹਜ਼ਾਰ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਟੇਡੀਅਮ 'ਚ 39 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰਥਾ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਮੈਚ ਵਾਲੇ ਦਿਨ ਦਿਨ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਰਹੇਗਾ।