ਦੱਖਣੀ ਏਸ਼ੀਆਈ ਖੇਡਾਂ ''ਚ ਭਾਰਤ ਦੀ ਸੋਨੇ ਦੀ ਮੁਹਿੰਮ ਜਾਰੀ

Global News

ਗੁਹਾਟੀ- ਭਾਰਤ ਨੂੰ 12ਵੀਆਂ ਦੱਖਣੀ ਏਸ਼ੀਆਈ ਖੇਡਾਂ ਦੇ ਪੰਜਵੇਂ ਦਿਨ ਵੀ ਕਿਸੇ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਉਸ ਨੇ ਬੁੱਧਵਾਰ ਨੂੰ ਵੀ ਸੋਨ ਤਮਗੇ ਹਾਸਲ ਕਰਨ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ, ਜਿਸ ਵਿਚ ਨਿਸ਼ਾਨੇਬਾਜ਼ਾਂ, ਵੁਸ਼ੂ ਖਿਡਾਰੀਆਂ ਤੇ ਟ੍ਰੈਕ ਐਂਡ ਫੀਲਡ ਐਥਲੀਟਾਂ ਨੇ ਅਹਿਮ ਯੋਗਦਾਨ ਦਿੱਤਾ।
ਭਾਰਤ ਹੁਣ ਤਕ 194 ਤਮਗੇ ਜਿੱਤ ਚੁੱਕਾ ਹੈ, ਜਿਸ ਵਿਚ 117 ਸੋਨ, 61 ਚਾਂਦੀ ਤੇ 16 ਕਾਂਸੀ ਤਮਗੇ ਸ਼ਾਮਲ ਹਨ।

 

ਇਸ ਤਰ੍ਹਾਂ ਨਾਲ ਉਹ ਅੰਕ ਸੂਚੀ ਵਿਚ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਚੋਟੀ 'ਤੇ ਬਣਿਆ ਹੋਇਆ ਹੈ। ਸ਼੍ਰੀਲੰਕਾ 24 ਸੋਨ, 46 ਚਾਂਦੀ ਤੇ 66 ਕਾਂਸੀ ਤਮਗਿਆਂ ਸਮੇਤ ਕੁਲ 126 ਤਮਗੇ ਲੈ ਕੇ ਦੂਜੇ ਸਥਾਨ 'ਤੇ ਹੈ। ਐਥਲੀਟਾਂ ਨੇ ਅੱਜ ਭਾਰਤ ਦੇ ਖਾਤੇ ਵਿਚ 7 ਸੋਨ ਤਮਗੇ ਜੋੜੇ। ਇਸ ਤੋਂ ਪਹਿਲਾਂ ਭਾਰਤੀ ਤੈਰਾਕਾਂ ਨੇ ਇਕ ਵਾਰ ਫਿਰ ਤਰਣਾਤਾਲ ਵਿਚ ਆਪਣਾ ਦਬਦਬਾ ਬਣਾਉਂਦੇ ਹੋਏ ਇਸ ਪ੍ਰਤੀਯੋਗਿਤਾ ਦੇ ਆਖਰੀ ਦਿਨ ਪੰਜ ਸੋਨ ਤਮਗੇ ਹਾਸਿਲ ਕੀਤੇ। ਓਧਰ ਵੁਸ਼ੂ ਪ੍ਰਤੀਯੋਗਿਤਾ ਦੇ ਆਖਰੀ ਦਿਨ ਭਾਰਤ ਨੇ 8 ਸੋਨ, ਇਕ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤੇ। ਭਾਰਤ ਇਸ ਤੋਂ ਪਹਿਲਾਂ ਇਸ ਪ੍ਰਤੀਯੋਗਿਤਾ ਵਿਚ 3 ਸੋਨ, ਇਕ ਚਾਂਦੀ ਤੇ ਇਕ ਕਾਂਸੀ ਤਮਗਾ ਜਿੱਤ ਚੁੱਕਾ ਸੀ। ਇਸ ਤਰ੍ਹਾਂ ਭਾਰਤ ਨੇ ਵੁਸ਼ੂ ਵਿਚ ਕੁਲ 11 ਸੋਨ, 2 ਚਾਂਦੀ ਤੇ ਤਿੰਨ ਕਾਂਸੀ ਤਮਗੇ ਹਾਸਿਲ ਕੀਤੇ।