ਪੰਜਾਬੀ ਕਾਮੇਡੀਅਨ ਤੇ ਅਦਾਕਾਰ ਗੁਰਪ੍ਰੀਤ ਘੁੱਗੀ 'ਆਮ ਆਦਮੀ ਪਾਰਟੀ' 'ਚ ਹੋਏ ਸ਼ਾਮਲ

Global News

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ ਬੁੱਧਵਾਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਗੁਰਪ੍ਰੀਤ ਘੁੱਗੀ ਨੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਮੈਂਬਰ ਭਗਵੰਤ ਮਾਨ ਅਤੇ ਸੰਜੇ ਸਿੰਘ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਇਸ ਮੌਕੇ 'ਆਪ' ਦੇ ਪ੍ਰਮੁੱਖ ਆਗੂਆਂ ਨੇ ਗੁਰਪ੍ਰੀਤ ਘੁੱਗੀ ਦਾ ਪਾਰਟੀ 'ਚ ਆਉਣ 'ਤੇ ਸੁਆਗਤ ਕੀਤਾ।  
ਇਸ ਸੰਬੰਧੀ ਇੱਕ ਮਹੀਨਾ ਪਹਿਲਾਂ ਹੀ ਘੁੱਗੀ ਨੇ ਸੰਕੇਤ ਦੇ ਦਿੱਤਾ ਸੀ ਕਿ ਉਹ ਕਿਸੇ ਸਿਆਸੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਘੁੱਗੀ ਨੇ ਗਣਤੰਤਰ ਦਿਵਸ ਮੌਕੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵੱਧ ਚੜ੍ਹ ਕੇ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਦੇਸ਼ 'ਚ ਨੌਜਵਾਨ ਵਰਗ ਦਾ ਇੱਕ ਵੱਡਾ ਵੋਟ ਬੈਂਕ ਹੈ। 


ਉਨ੍ਹਾਂ ਕਿਹਾ ਸੀ, ''ਰਾਜਨੀਤੀ 'ਚ ਮੇਰੀ ਦਿਲਚਸਪੀ ਨਹੀਂ ਹੈ ਪਰ ਜਨਤਾ ਜੇਕਰ ਮੈਨੂੰ ਰਾਜਨੀਤੀ 'ਚ ਦੇਖਣਾ ਚਾਹੁੰਦੀ ਹੈ ਅਤੇ ਅੱਗੇ ਆਉਣ ਨੂੰ ਕਹਿੰਦੀ ਹੈ ਤਾਂ ਮੈਂ ਇਸ ਬਾਰੇ 'ਚ ਜ਼ਰੂਰ ਵਿਚਾਰ ਕਰਾਂਗਾ।'' ਇਸ ਤੋਂ ਪਹਿਲਾਂ ਪੰਜਾਬ ਦੇ ਉੱਘੇ ਕਾਮੇਡੀਅਨ ਭਗਵੰਤ ਮਾਨ ਵੀ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੇ ਹਨ। ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ 4 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਪਾਰਟੀ ਦੇ ਚਾਰ ਸੰਸਦ ਮੈਂਬਰਾਂ 'ਚੋਂ ਭਗਵੰਤ ਮਾਨ ਵੀ ਇੱਕ ਸੀ।