ਇਰਾਕ ''ਚ ਸਿਖਲਾਈ ਦੇਣ ਲਈ ਕੈਨੇਡੀਅਨ ਜਵਾਨਾਂ ਨੂੰ ਖਤਰਾ : ਹਰਜੀਤ ਸੱਜਣ

Global News

ਕੈਲਗਰੀ (ਰਾਜੀਵ ਸ਼ਰਮਾ)— ਇਕ ਪਾਸੇ ਜਦੋਂ ਫੈਡਰਲ ਸਰਕਾਰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨਾਲ ਸੰਘਰਸ਼ ਕਰਨ ਲਈ ਇਰਾਕੀ ਜਵਾਨਾਂ ਨੂੰ ਸਿਖਲਾਈ ਦੇਣ ਲਈ ਤਿਆਰ ਕਰਨ ਦਾ ਬੀੜਾ ਚੁੱਕਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਅਜਿਹੇ 'ਚ ਕੈਨੇਡਾ ਦੇ ਰੱਖਿਆ ਮੰਤਰੀ ਨੇ ਇਰਾਕ 'ਚ ਸੇਵਾ ਨਿਭਾਅ ਰਹੇ ਕੈਨੇਡੀਅਨ ਫੌਜੀ ਜਵਾਨਾਂ ਨੂੰ ਦਰਪੇਸ਼ ਖਤਰਿਆਂ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਰੱਖਿਆ ਮੰਤਰੀ ਹਰਜੀਤ ਸੱਜਣ ਨੇ ਸਪੱਸ਼ਟ ਕੀਤਾ ਕਿ ਇਹ ਖਤਰਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਜਿਸ ਸਮੇਂ ਕੈਨੇਡਾ ਹਵਾਈ ਹਮਲੇ ਖ਼ਤਮ ਕਰਕੇ 22 ਫਰਵਰੀ ਤੱਕ ਆਪਣਾ ਧਿਆਨ ਜਵਾਨਾਂ ਨੂੰ ਦੇਣ ਵੱਲ ਕੇਂਦਰਿਤ ਕਰੇਗਾ ਤਾਂ ਅਜਿਹੇ ਸਮੇਂ ਇਰਾਕ 'ਚ ਵੱਡੀ ਗਿਣਤੀ 'ਚ ਫੌਜੀ ਟੁਕੜੀਆਂ ਤਾਇਨਾਤ ਹੋਣਗੀਆਂ।ਇਕ ਇੰਟਰਵਿਊ ਦੌਰਾਨ ਸੱਜਣ ਨੇ ਆਖਿਆ ਕਿ ਇਹ ਸੰਘਰਸ਼ ਵਾਲੀ ਜ਼ੋਨ ਹੈ ਤੇ ਇਥੇ ਚਾਰੇ ਪਾਸੇ ਕਈ ਕਿਸਮ ਦਾ ਖਤਰਾ ਬਣਿਆ ਰਹੇਗਾ।ਉਨ੍ਹਾਂ ਆਖਿਆ ਕਿ ਅਸੀਂ ਰਾਤੋਂ ਰਾਤ ਖ਼ਤਰੇ ਨੂੰ ਜ਼ੀਰੋ ਤਾਂ ਨਹੀਂ ਕਰ ਸਕਦੇ।ਰੱਖਿਆ ਮੰਤਰੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਰਾਕ 'ਚ ਕਿੰਨੀਆਂ ਕੈਨੇਡੀਅਨ ਫੌਜੀ ਟੁਕੜੀਆਂ ਤਾਇਨਾਤ ਕੀਤੀਆਂ ਜਾਣਗੀਆਂ ਪਰ ਉਨ੍ਹਾਂ ਸੰਕੇਤ ਦਿੱਤਾ ਕਿ ਕੈਨੇਡਾ ਟਰੇਨਿੰਗ ਵਾਲੇ ਪੱਖ 'ਚ ਆਪਣੀ ਸਮਰੱਥਾ ਤਿੱਗਣੀ ਕਰ ਦੇਵੇਗਾ।ਇਰਾਕ 'ਚ ਇਸ ਸਮੇਂ 69 ਵਿਸ਼ੇਸ਼ ਸੈਨਾਵਾਂ ਟਰੇਨਰਜ਼ ਨੂੰ ਸਹਿਯੋਗ ਦੇ ਰਹੀਆਂ ਹਨ।ਸੱਜਣ ਨੇ ਜ਼ੋਰ ਦੇ ਕੇ ਆਖਿਆ ਕਿ ਇਰਾਕੀ ਸੈਨਾਵਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਦੇ ਹੱਥ ਮਜ਼ਬੂਤ ਕੀਤੇ ਜਾਣੇ ਬੇਹੱਦ ਜ਼ਰੂਰੀ ਹਨ ਤਾਂ ਕਿ ਉਹ ਆਈ. ਐੱਸ. ਆਈ. ਐੱਸ. ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਜਾਰੀ ਰੱਖ ਸਕਣ।