ਕਾਫ਼ਲੇ ਵਲੋਂ ਕਰਵਾਏ ਗਏ ਕਵੀ ਦਰਬਾਰ ਨੂੰ ਭਰਵਾਂ ਹੁੰਗਾਰਾ

Global News

ਟੋਰਾਂਟੋ (ਹੀਰਾ ਰੰਧਾਵਾ)-ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਵਲੋਂ 30 ਜਨਵਰੀ ਨੂੰ ਕਰਵਾਏ ਗਏ। ਕਵੀ ਦਰਬਾਰ 'ਚ ਟੋਰਾਂਟੋ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਬਹੁਤ ਸਾਰੇ ਕਵੀਆਂ ਨੇ ਭਾਗ ਲਿਆ ਅਤੇ ਨਵੇਂ ਸਾਲ ਦੇ ਇਸ ਪਹਿਲੇ ਪ੍ਰੋਗਰਾਮ ਨੂੰ ਹਸੀਨ ਮਾਹੌਲ ਪ੍ਰਦਾਨ ਕੀਤਾ।ਸਮਾਗਮ ਦੀ ਸ਼ੁਰੂਆਤ ਕਰਦਿਆਂ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਕਾਫ਼ਲੇ ਦੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ 1992 'ਚ ਹੋਂਦ 'ਚ ਆਏ ਕਾਫ਼ਲੇ ਦਾ ਮਕਸਦ ਜਿੱਥੇ ਟੋਰਾਂਟੋ ਦੇ ਪੰਜਾਬੀ ਸਾਹਿਤ ਦੀ ਪਛਾਣ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣਾ ਸੀ ਓਥੇ ਸਾਹਿਤ ਦੇ ਸਮਾਜੀ ਮਸਲਿਆਂ ਪ੍ਰਤੀ ਫਰਜ਼ਾਂ ਨੂੰ ਉਭਾਰਨਾ ਵੀ ਸੀ।

 

ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਮੁੱਖ ਰੱਖਦਿਆਂ ਕਾਫ਼ਲੇ ਦਾ ਮੁੱਖ ਨਿਸ਼ਾਨਾ ਮੈਂਬਰਾਂ ਦੀ ਗਿਣਤੀ ਵਧਾਉਣਾ ਨਹੀਂ ਸਗੋਂ ਕਾਫ਼ਲੇ ਵਿਚਲੀ ਗੱਲਬਾਤ ਦੇ ਮਿਆਰ ਨੂੰ ਉਸਾਰੂ ਰੱਖਣਾ ਹੈ।ਪੂਰੇ ਢਾਈ ਘੰਟੇ ਚੱਲੇ ਇਸ ਕਵੀ ਦਰਬਾਰ 'ਚ ਪੰਕਜ ਸ਼ਰਮਾ, ਜਗੀਰ ਸਿੰਘ ਕਾਹਲੋਂ, ਭੁਪਿੰਦਰ ਦੁਲੈ, ਨੀਟਾ ਬਲਵਿੰਦਰ, ਜਗਮੋਹਨ ਸੰਘਾ, ਸੁੰਦਰਪਾਲ ਰਾਜਾਸਾਂਸੀ, ਜਸਵਿੰਦਰ ਸੰਧੂ, ਬਲਰਾਜ ਧਾਲੀਵਾਲ਼, ਪਰਮਜੀਤ ਦਿਓਲ, ਪਰਮਜੀਤ ਢਿੱਲੋਂ, ਗੁਰਦਾਸ ਮਿਨਹਾਸ, ਹਰਮੋਹਨ ਲਾਲ ਛਿੱਬੜ, ਬਲਦੇਵ ਸਿੱਧੂ, ਅਤੇ ਕੁਲ ਦੀਪ ਨੇ ਆਪਣਾ ਕਲਾਮ ਪੇਸ਼ ਕੀਤਾ। ਸ਼ਿਵਰਾਜ ਸਨੀ ਨੇ ਸਿਮਰਨਜੋਤ ਅਤੇ ਕੁਲਵਿੰਦਰ ਖਹਿਰਾ ਦੀਆਂ ਗ਼ਜ਼ਲਾਂ ਨੂੰ, ਰਿੰਕੂ ਭਾਟੀਆ ਨੇ ਭੁਪਿੰਦਰ ਦੁਲੈ ਅਤੇ ਇਕਬਾਲ ਬਰਾੜ ਜੀ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਖ਼ੂਬਸੂਰਤ ਤਰੰਨਮ ਵਿੱਚ ਪੇਸ਼ ਕੀਤਾ।