ਤਾਨਾਸ਼ਾਹ ਕਿਮ ਜੋਂਗ ਨੇ ਆਰਮੀ ਚੀਫ ਨੂੰ ਦਿੱਤੀ ਫਾਂਸੀ

Global News

ਸਿਓਲ— ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਦੇਸ਼ ਦੇ ਆਰਮੀ ਚੀਫ ਜਨਰਲ ਰੀ ਯੋਂਗ ਗਿਲ ਨੂੰ ਫਾਂਸੀ ਦੇ ਦਿੱਤੀ ਹੈ। ਗਿਲ 'ਤੇ ਭ੍ਰਿਸ਼ਟਾਚਾਰ ਅਤੇ ਗੁੱਟਬਾਜ਼ੀ ਦੇ ਦੋਸ਼ ਸਨ। ਇਸ ਤੋਂ ਪਹਿਲਾਂ ਵੀ ਤਾਨਾਸ਼ਾਹ ਰੱਖਿਆ ਮੰਤਰੀ ਸਮੇਤ ਆਪਣੇ ਕਈ ਰਿਸ਼ਤੇਦਾਰਾਂ ਨੂੰ ਮੌਤ ਦੀ ਸਜ਼ਾ ਦੇ ਚੁੱਕੇ ਹਨ।


ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਇਹ ਦਾਅਵਾ ਕੀਤਾ ਹੈ ਕਿ ਰੀ ਯੋਂਗ ਨੂੰ ਭ੍ਰਿਸ਼ਟਾਚਾਰ ਅਤੇ ਸਰਕਾਰ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਇਸੇ ਮਹੀਨੇ ਫਾਂਸੀ ਦਿੱਤੀ ਗਈ। ਦੱਖਣੀ ਕੋਰੀਆ ਦੀ ਨੈਸ਼ਨਲ ਇੰਟੈਲੀਜੈਂਸ ਏਜੰਸੀ ਨੇ ਇਸ ਖ਼ਬਰ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 


ਉੱਤਰੀ ਕੋਰੀਆ ਦੇ ਫਾਂਸੀ ਚਾੜ੍ਹੇ ਗਏ ਆਰਮੀ ਚੀਫ ਗਿਲ 2002 ਵਿਚ ਲੈਫਟੀਨੈਂਟ ਜਨਰਲ ਬਣੇ ਸਨ ਅਤੇ 2007 ਤੋਂ 2012 ਤੱਕ ਮੋਰਚੇ 'ਤੇ ਪੰਜਵੀਂ ਆਰਮੀ ਕੋਰ ਵਿਚ ਤਾਇਨਾਤ ਸਨ। ਉਨ੍ਹਾਂ ਨੇ 2010 ਵਿਚ ਕਰਨਲ ਜਨਰਲ ਦੇ ਰੂਪ ਵਿਚ ਪ੍ਰਮੋਸ਼ਨ ਮਿਲੀ ਸੀ। ਉਨ੍ਹਾਂ ਨੂੰ ਕੋਰੀਆ ਵਰਕਰਸ ਪਾਰਟੀ ਦਾ ਮੈਂਬਰ ਬਣਾਇਆ ਗਿਆ ਸੀ। ਅਜੇ ਐਤਵਾਰ ਨੂੰ ਹੀ ਗਿਲ ਨੇ ਉੱਤਰੀ ਕੋਰੀਆ ਦੀ ਲੰਬੀਂ ਦੂਰੀ ਦੀ ਮਿਜ਼ਾਈਲ ਦਾ ਟੈਸਟ ਕੀਤਾ ਸੀ ਅਤੇ ਇਸ ਤੋਂ ਇਕ ਮਹੀਨਾ ਪਹਿਲਾਂ ਹਾਈਡ੍ਰੋਜਨ ਬੰਬ ਬਣਾਉਣ ਤੇ ਟੈਸਟ ਕਰਨ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਸੀ। 


ਤਾਨਾਸ਼ਾਹ ਕਿਮ ਜੋਂਗ ਉਨ 2011 ਵਿਚ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਸੱਤਾ ਵਿਚ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਉੱਤਰੀ ਕੋਰੀਆ ਦੀ ਫੌਜ ਦੀ ਅਗਵਾਈ ਵਿਚ ਕਈ ਵੱਡੇ ਬਦਲਾਅ ਕੀਤੇ ਅਤੇ ਕਈ ਫੌਜ ਮੁਖੀਆਂ ਨੂੰ ਬਦਲ ਦਿੱਤਾ। ਇਸ ਦੌਰਾਨ ਕਈ ਉੱਚ ਪੱਧਰ ਦੇ ਅਧਿਕਾਰੀਆਂ ਦੇ ਗਾਇਬ ਹੋਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਇਨ੍ਹਾਂ ਅਧਿਕਾਰੀਆਂ ਨੂੰ ਜਾਂ ਤਾਂ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਜਾਂ ਫਿਰ ਉਨ੍ਹਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।