ਸੀਰੀਆ ਦੇ ਬਾਗੀਆਂ ਨੇ ਓਬਾਮਾ ਨੂੰ ਰੂਸ ਦੇ ਹਮਲੇ ਰੁਕਵਾਉਣ ਲਈ ਕਿਹਾ

Global News

ਲੰਡਨ— ਸੀਰੀਆ ਦੇ ਬਾਗੀ ਸਮੂਹਾਂ ਨੇ ਰੂਸ ਵਲੋਂ ਹੋਣ ਵਾਲੇ ਹਮਲੇ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਬੇਨਤੀ ਕੀਤੀ ਹੈ।  ਵਿਰੋਧੀ ਬੁਲਾਰੇ ਸਲੀਮ-ਅਲ=ਮੁਸਲਾਤ ਨੇ ਕਿਹਾ ਕਿ ਸ਼੍ਰੀ ਓਬਾਮਾ ਰੂਸ ਦੇ ਹਮਲਿਆਂ ਨੂੰ ਰੋਕ ਸਕਦੇ ਹਨ ਹਾਲਾਂਕਿ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਮੁਸਲਾਤ ਨੇ ਕਿਹਾ,''ਜੇਕਰ ਓਬਾਮਾ ਸਾਡੇ ਬੱਚਿਆਂ ਦੀ ਸੁਰੱਖਿਆ ਚਾਹੁੰਦੇ ਹਨ ਤਾਂ ਸੀਰੀਆ ਵਿਚ ਰੂਸੀ ਹਵਾਈ ਹਮਲਿਆਂ ਨੂੰ ਰੋਕਣਾ ਹੋਵੇਗਾ।''
 

ਅਮਰੀਕਾ ਦੇ ਵਿਦੇਸ਼ ਮੰਤਰੀ ਜਾੱਨ ਕੈਰੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਾਰਜੇਈ ਲਾਵਰੋਵ ਵਿਚਕਾਰ ਕੱਲ੍ਹ ਸੀਰੀਆ ਸ਼ਾਂਤੀ ਕਾਇਮ ਕਰਨ ਲਈ ਸਮਝੌਤਾ ਹੋਇਆ ਹੈ ਅਤੇ ਉੱਥੇ ਫਸੇ ਹੋਏ ਸ਼ਰਣਾਰਥੀਆਂ ਨੂੰ ਮਨੁੱਖੀ ਸਹਾਇਤਾ ਦੇਣ ਲਈ ਰਾਜੀ ਹੋ ਗਏ ਹਨ। ਜਾਣਕਾਰੀ ਅਨੁਸਾਰ ਸੁਰੱਖਿਆ ਪਰਿਸ਼ਦ ਨੇ ਸੀਰੀਆ ਵਿਚ ਹਮਲੇ ਰੋਕਣ ਲਈ ਰੂਸ 'ਤੇ ਦਬਾਅ ਪਾਇਆ ਹੈ। ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੀਰੀਆ ਦੇ ਸਰਕਾਰੀ ਬਲਾਂ ਨੇ ਅਲੇਪੋ ਸ਼ਹਿਰ ਵਿਚ ਬਾਗੀਆਂ ਨੇ ਕੰਟਰੋਲ ਕੀਤੇ ਇਲਾਕੇ ਦੀ ਘੇਰਾਬੰਦੀ ਕਰ ਲਈ ਤਾਂ ਲਗਭਗ 3 ਲੱਖ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਕਮੀ ਆ ਜਾਵੇਗੀ। ਨਿਊਜ਼ੀਲੈਂਡ ਅਤੇ ਸਪੇਨ ਨੇ ਵੀ ਸੀਰੀਆ ਦੀ ਹਾਲਤ ਬਾਰੇ ਗੱਲਬਾਤ ਕੀਤੀ ਹੈ। ਸੂਚਨਾ ਮਿਲੀ ਹੈ ਕਿ ਰੂਸ, ਅਮਰੀਕਾ, ਸਾਊਦੀ ਅਰਬ ਅਤੇ ਇਰਾਨ ਸਮੇਤ ਵਿਸ਼ਵ ਦੇ ਤਾਕਤਵਰ ਦੇਸ਼ਾਂ ਦੀ ਅੱਜ ਜਰਮਨੀ ਵਿਚ ਬੈਠਕ ਹੋਵੇਗੀ ਪਰ ਸੀਰੀਆ ਦੇ ਬਾਗੀਆਂ ਨੇ ਐਲਾਨ ਕੀਤਾ ਹੈ ਕਿ ਜਦ ਤਕ ਹਮਲੇ ਬੰਦ ਨਹੀਂ ਹੁੰਦੇ ਤਦ ਤਕ ਉਹ ਬੈਠਕ ਵਿਚ ਹਿੱਸਾ ਨਹੀਂ ਲੈਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੈਠਕ ਵਿਚ ਜ਼ਰੂਰੀ ਫੈਸਲੇ ਲਏ ਜਾਣਗੇ।