ਹੈਡਲੀ ਨੇ ਇਸ਼ਰਤ ਜਹਾਂ ''ਤੇ ਕੀਤਾ ਅਹਿਮ ਖੁਲਾਸਾ

Global News

ਮੁੰਬਈ— ਮੁੰਬਈ ਅੱਤਵਾਦੀ ਹਮਲੇ ਦਾ ਦੋਸ਼ ਡੇਵਿਡ ਹੈਡਲੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਇੱਥੋਂ ਦੀ ਵਿਸ਼ੇਸ਼ ਅਦਾਲਤ 'ਚ ਵੀਰਵਾਰ ਨੂੰ ਪੇਸ਼ੀ ਦੌਰਾਨ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਸ ਨੇ ਕਿਸੇ ਤਰ੍ਹਾਂ ਦੇ ਸ਼ੱਕ ਤੋਂ ਬਚਣ ਲਈ ਮੁੰਬਈ 'ਚ ਆਪਣਾ ਇਕ ਦਫ਼ਤਰ ਖੋਲ੍ਹਿਆ ਸੀ ਅਤੇ ਹਮਲੇ ਤੋਂ ਪਹਿਲਾਂ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਤਹਵੁਰ ਰਾਣਾ ਭਾਰਤ ਆਇਆ ਸੀ। ਹੈਡਲੀ ਨੇ ਅਦਾਲਤ ਨੂੰ ਦੱਸਿਆ ਕਿ ਮੁੰਬਰਾ ਦੀ ਲੜਕੀ ਇਸ਼ਰਤ ਜਹਾਂ ਲਸ਼ਕਰ ਦੀ ਇਕ ਆਤਮਘਾਤੀ ਹਮਲਾਵਰ ਸੀ। ਅਮਰੀਕਾ ਦੀ ਸ਼ਿਕਾਗੋ ਜੇਲ 'ਚ ਬੰਦ ਹੈਡਲੀ ਤਕਨੀਕੀ ਗੜਬੜੀ ਕਾਰਨ ਇੱਥੋਂ ਦੀ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਅਦਾਲਤ 'ਚ ਬੁੱਧਵਾਰ ਨੂੰ ਤੀਜੇ ਦਿਨ ਬਿਆਨ ਨਹੀਂ ਦੇ ਸਕਿਆ ਸੀ। ਹੈਡਲੀ ਨੇ ਅਦਾਲਤ ਨੂੰ ਕਿਹਾ ਕਿ ਤਹਵੁਰ ਰਾਣਾ ਨੂੰ ਉਸ ਨੇ ਪਾਕਿਸਤਾਨ ਵਾਪਸ ਜਾਣ ਲਈ ਕਿਹਾ ਸੀ ਤਾਂ ਕਿ ਉਹ ਸੁਰੱਖਿਅਤ ਰਹੇ।


ਉਸ ਨੇ ਕਿਹਾ ਕਿ ਉਸ ਨੇ ਮੁੰਬਈ 'ਚ ਰੇਕੀ ਕੀਤੀ ਅਤੇ ਇਸ ਤੋਂ ਬਾਅਦ ਖੁਦ ਨੂੰ ਸੁਰੱਖਿੱਤ ਰੱਖਣ ਲਈ ਦੱਖਣ ਮੁੰਬਈ ਦੇ ਤਾਰਦੇਓ ਇਲਾਕੇ 'ਚ ਇਕ ਦਫ਼ਤਰ ਖੋਲ੍ਹਿਆ। ਉਸ ਨੇ ਕਿਹਾ,''ਮੈਂ ਏ.ਸੀ. ਮਾਰਕੀਟ 'ਚ ਕਿਰਾਏ 'ਤੇ ਦਫ਼ਤਰ ਲਿਆ ਸੀ ਤਾਂ ਕਿ ਕਿਸੇ ਨੂੰ ਮੇਰੇ ਬਾਰੇ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ।'' ਹੈਡਲੀ ਨੇ ਇਹ ਵੀ ਕਿਹਾ ਕਿ ਤਹਵੁਰ ਰਾਣਾ ਨੇ ਮੁੰਬਈ 'ਚ ਉਸ ਨੂੰ ਕਈ ਵਾਰ ਪੈਸੇ ਭੇਜੇ ਸਨ। ਉਸ ਦੌਰਾਨ ਹੋਏ ਟਰਾਂਜੈਕਸ਼ਨ ਦੀ ਰਸੀਦ ਵੀ ਮਿਲੀ ਹੈ, ਜਿਨ੍ਹਾਂ 'ਚ ਹੈਡਲੀ ਦੇ ਦਸਤਖ਼ਤ ਹਨ।