ਹੈਡਲੀ ਦੀ ਮੁੰਬਈ ਦੀ ਅਦਾਲਤ ਸਾਹਮਣੇ ਤੀਜੇ ਦਿਨ ਗਵਾਹੀ ਸ਼ੁਰੂ

Global News

ਮੁੰਬਈ— ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਨੇ ਇਕ ਅਦਾਲਤ ਦੇ ਸਾਹਮਣੇ ਵੀਰਵਾਰ ਨੂੰ ਤੀਜੇ ਦਿਨ ਗਵਾਹੀ ਜਾਰੀ ਰੱਖੀ। ਹੈਡਲੀ ਨੇ ਅਮਰੀਕਾ 'ਚ ਇਕ ਗੁਪਤ ਸਥਾਨ ਤੋਂ ਗਵਾਹੀ ਦਿੰਦੇ ਹੋਏ ਵਿਸ਼ੇਸ਼ ਜਸਟਿਸ ਜੀ.ਏ. ਸਨਪ ਨੂੰ ਦੱਸਿਆ ਸੀ ਕਿ ਆਈ.ਐੱਸ.ਆਈ. ਪਾਕਿਸਤਾਨ 'ਚ ਵੱਖ-ਵੱਖ ਅਤਵਾਦੀ ਸੰਗਠਨਾਂ ਨੂੰ ਵਿੱਤੀ, ਫੌਜ ਅਤੇ ਨੈਤਿਕ ਸਮਰਥਨ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਅਮਰੀਕਾ 'ਚ ਵੀਡੀਓ ਕਾਨਫਰੰਸ 'ਚ ਤਕਨੀਕੀ ਗੜਬੜੀ ਕਾਰਨ ਬੁੱਧਵਾਰ ਨੂੰ ਹੈਡਲੀ ਦੀ ਗਵਾਹੀ ਨਹੀਂ ਹੋ ਸਕੀ ਸੀ। ਹੈਡਲੀ ਨੇ ਮੁੰਬਈ ਦੇ ਉਨ੍ਹਾਂ ਸਥਾਨਾਂ ਦੀ ਰੇਕੀ ਕੀਤੀ ਸੀ, ਜਿੱਥੇ 26 ਨਵੰਬਰ 2008 ਨੂੰ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਹੈਡਲੀ ਨੇ ਇਹ ਵੀ ਖੁਲਾਸਾ ਕੀਤਾ ਕਿ ਸੰਗਠਨ ਨੇ ਸ਼ੁਰੂ 'ਚ ਤਾਜ ਮਹੱਲ ਹੋਟਲ 'ਚ ਭਾਰਤੀ ਰੱਖਿਆ ਵਿਗਿਆਨੀਆਂ ਦੇ ਇਕ ਸੰਮੇਲਨ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। 


ਉਸ ਨੇ ਦੱਸਿਆ ਕਿ ਉਸ ਨੇ ਲਸ਼ਕਰ ਦੇ ਕਮਾਂਡੋ ਦੇ ਨਿਰਦੇਸ਼ 'ਤੇ ਪ੍ਰਸਿੱਧ ਸਿੱਦੀਵਿਨਾਇਕ ਮੰਦਰ ਅਤੇ ਜਲ ਸੈਨਾ ਦੇ ਹਵਾਈ ਫੌਜ ਸਟੇਸ਼ਨ ਦੀ ਵੀ ਰੇਕੀ ਕੀਤੀ ਸੀ। ਉਸ ਨੇ ਭਾਰਤ 'ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ 'ਚ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ਦੀ ਸ਼ਮੂਲੀਅਤ ਬਾਰੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਆਈ.ਐੱਸ.ਆਈ. ਅਧਿਕਾਰੀ ਬ੍ਰਿਗੇਡੀਅਰ ਰਿਆਜ਼ ਨੂੰ ਲਸ਼ਕਰ ਦੇ ਸੀਨੀਅਰ ਕਮਾਂਡਰ ਜਕੀ-ਉਰ-ਰਹਿਮਾਨ ਲਖਵੀ ਦੇ ਆਕਾ ਦੇ ਰੂਪ 'ਚ ਜਾਣਦਾ ਹੈ। ਲਖਵੀ 26/11 ਹਮਲਿਆਂ ਦਾ ਮਾਸਟਰਮਾਇੰਡ ਸੀ। ਹਮਲਿਆਂ ਤੋਂ ਪਹਿਲਾਂ 7 ਵਾਰ ਮੁੰਬਈ ਆਉਣ ਵਾਲੇ ਹੈਡਲੀ ਨੇ ਖੁਲਾਸਾ ਕੀਤਾ ਕਿ ਮੁੰਬਈ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ 26/11 ਤੋਂ ਇਕ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ।