ਭਿੰਡਰਾਂਵਾਲੇ ਤੇ ਕੇਜਰੀਵਾਲ ਦੇ ਪੋਸਟਰ ''ਤੇ ਸਥਿਤੀ ਸਪੱਸ਼ਟ ਕਰੇ ''ਆਪ'': ਕਮਲ

Global News

ਚੰਡੀਗੜ੍ਹ — ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਮਨਾਉਣ ਸੰਬੰਧੀ ਆਮ ਆਦਮੀ ਪਾਰਟੀ ਦੇ ਪੋਸਟਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਯਤਨ ਦੱਸਦਿਆਂ ਇਸਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਹ ਭਿੰਡਰਾਂਵਾਲੇ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ ਜਾਂ ਵਿਰੋਧ। 
ਸੂਬਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਦੇਸ਼ ਦਾ ਸੀਮਾਵਰਤੀ ਰਾਜ ਪੰਜਾਬ ਅਤਿਅੰਤ ਸੰਵੇਦਨਸ਼ੀਲ ਸੂਬਾ ਹੈ ਤੇ ਸਿਆਸੀ ਹਿੱਤਾਂ ਲਈ ਇਸ ਦੀ ਸ਼ਾਂਤੀ ਤੇ ਸਮਾਜਿਕ ਮਿਠਾਸ ਨਾਲ ਛੇੜਛਾੜ ਕਰਨਾ ਘਾਤਕ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਲੋਕ ਜਾਣਦੇ ਨਹੀਂ ਕਿ ਹਜ਼ਾਰਾਂ ਲੋਕਾਂ ਨੇ ਜੀਵਨ ਬਲਿਦਾਨ ਕਰਕੇ ਇੱਥੇ ਬੜੀ ਮੁਸ਼ਕਿਲ ਨਾਲ ਸ਼ਾਂਤੀ ਸਥਾਪਿਤ ਕੀਤੀ ਹੈ ਤੇ ਰਾਜਨੀਤਿਕ ਹਿਤਾਂ ਲਈ ਕਿਸੇ ਨੂੰ ਇਸ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। 


ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁੱਝ ਨੇਤਾਵਾਂ ਦਾ ਪਿਛੋਕੜ ਸ਼ੱਕੀ ਰਿਹਾ ਹੈ ਤੇ ਪੰਜਾਬ ਵਿਚ ਅੱਤਵਾਦ ਦੇ ਦੌਰ ਦੌਰਾਨ ਇਸਦੇ ਨੇਤਾਵਾਂ ਦੀ ਸਰਗਰਮੀ ਦੇ ਵੀ ਦੋਸ਼ ਲੱਗਦੇ ਰਹੇ ਹਨ। ਸਿਰਫ਼ ਇੰਨਾ ਹੀ ਨਹੀਂ ਹਾਲ ਹੀ ਵਿਚ ਰਾਜ ਵਿਚ ਕੱਟੜਪੰਥੀਆਂ ਵਲੋਂ ਬੁਲਾਏ ਗਏ ਕਥਿਤ ਸਰਬੱਤ ਖਾਲਸਾ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਵੀ ਸਰਗਰਮ ਭੂਮਿਕਾ ਰਹੀ ਸੀ। ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਤੇ ਖਾਲਿਸਤਾਨੀ ਸਮਰਥਕ ਵੀ ਆਮ ਆਦਮੀ ਪਾਰਟੀ ਦੇ ਪੱਖ ਵਿਚ ਪ੍ਰਚਾਰ ਪ੍ਰਸਾਰ ਕਰਦੇ ਆ ਰਹੇ ਹਨ। ਹੁਣ ਉਕਤ ਪੋਸਟਰ ਨੇ ਆਮ ਆਦਮੀ ਪਾਰਟੀ ਤੇ ਅੱਤਵਾਦੀ ਵਿਚਾਰਧਾਰਾ ਦੇ ਵਿਚ ਅਪਵਿੱਤਰ ਗਠਜੋੜ ਦਾ ਪਰਦਾਫਾਸ਼ ਕਰਨ ਦਾ ਕੰਮ ਕੀਤਾ ਹੈ। 


ਇਸ ਵਿਵਾਦਿਤ ਪੋਸਟਰ ਨੂੰ ਦੂਸਰੇ ਦਲਾਂ ਦੀ ਸਾਜਿਸ਼ ਦੱਸਣ ਸਬੰਧੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਬਿਆਨਾਂ ਨੂੰ ਹਾਸੋਹੀਣਾ ਦੱਸਦਿਆਂ ਭਾਜਪਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਆਪ ਦਾ ਇਹ ਸ਼ੁਰੂ ਤੋਂ ਹੀ ਦੋਹਰਾ ਚਰਿੱਤਰ ਰਿਹਾ ਹੈ ਕਿ ਆਪਣੇ ਸਾਰੇ ਅਪਰਾਧਾਂ ਲਈ ਦੂਸਰਿਆਂ ਨੂੰ ਹੀ ਕਸੂਰਵਾਰ ਠਹਿਰਾਉਂਦੀ ਹੈ ਤੇ ਆਪਣੇ ਸੱਚੇ ਝੂਠੇ ਇਲਜ਼ਾਮਾਂ ਨੂੰ ਸੱਚਾ ਮੰਨ ਕੇ ਚੱਲਦੀ ਹੈ। ਉਨ੍ਹਾਂ ਆਪ ਦੇ ਨੇਤਾਵਾਂ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੈ ਤਾਂ ਪਾਰਟੀ ਨੇ ਇਸ ਦੀ ਅਪਰਾਧਿਕ ਸ਼ਿਕਾਇਤ ਕਰਜ ਕਿਉਂ ਨਹੀਂ ਕਰਵਾਈ ਤੇ ਪੋਸਟਰ ਜਾਰੀ ਹੋਣ ਦੇ ਇੰਨੇ ਦਿਨ ਬਾਅਦ ਤੱਕ ਕਿਉਂ ਚੁੱਪ ਧਾਰੀ ਬੈਠੇ ਰਹੇ। ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਹ ਦੇਸ਼ ਦੀ ਜਨਤਾ ਨੂੰ ਇਹ ਦੱਸਣ ਕਿ ਉਹ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ ਜਾਂ ਵਿਰੋਧ।