ਗ੍ਰੈਂਡ ਸਲੈਮ ਚੈਂਪੀਅਨ ਲਈ ਭਾਰਤ ਨੂੰ ਕਰਨਾ ਪਵੇਗਾ ਇੰਤਜ਼ਾਰ : ਬਾਰਤੋਲੀ

Global News

ਨਵੀਂ ਦਿੱਲੀ- ਭਾਰਤ ਦੁਨੀਆ ਵਿਚ ਸਭ ਤੋਂ ਵੱਧ ਟੈਨਿਸ ਖਿਡਾਰੀ ਰੱਖਣ ਵਾਲਾ ਦੂਜਾ ਦੇਸ਼ ਹੈ ਪਰ ਉਸ ਨੂੰ ਸਿੰਗਲਜ਼ ਗ੍ਰੈਂਡ ਸਲੈਮ ਚੈਂਪੀਅਨ ਲਈ ਅਜੇ ਲੰਬਾ ਇੰਤਜ਼ਾਰ ਕਰਨਾ ਪਵੇਗਾ। ਇਹ ਮੰਨਣਾ ਹੈ ਫਰਾਂਸ ਦੀ ਸਾਬਕਾ ਵਿੰਬਲਡਨ ਚੈਂਪੀਅਨ ਮਾਰੀਅਨ ਬਾਰਤੋਲੀ ਦਾ। ਸਾਲ 2013 ਵਿਚ ਵਿੰਬਲਡਨ ਦੇ ਰੂਪ ਵਿਚ ਆਪਣਾ ਇਕਲੌਤਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਬਾਰਤੋਲੀ ਸੋਮਵਾਰ ਨੂੰ ਰਾਜਧਾਨੀ ਦੇ ਆਰ. ਕੇ. ਖੰਨਾ ਟੈਨਿਸ ਸਟੇਡੀਅਮ ਵਿਚ ਰੋਂਦੇਵੂ ਰੋਲਾਂ ਗੈਰੋਂ ਟੂਰਨਾਮੈਂਟ ਦੇ ਦੂਜੇ ਸੈਸ਼ਨ ਦੇ ਐਲਾਨ ਮੌਕੇ ਮੌਜੂਦ ਸੀ ਤੇ ਉਸ ਨੂੰ ਇਹ ਜਾਣ ਕੇ ਵੱਡੀ ਹੈਰਾਨੀ ਹੋਈ ਕਿ ਅਮਰੀਕਾ ਤੋਂ ਬਾਅਦ ਭਾਰਤ ਵਿਚ ਦੁਨੀਆ ਦੇ ਸਭ ਤੋਂ ਵੱਧ ਟੈਨਿਸ ਖਿਡਾਰੀ ਹਨ।



ਇਸ ਮੌਕੇ 'ਤੇ ਮੌਜੂਦ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਦੇ ਮੁਖੀ ਅਨਿਲ ਖੰਨਾ ਨੇ ਕਿਹਾ, 'ਭਾਰਤ 60 ਲੱਖ ਟੈਨਿਸ ਖਿਡਾਰੀਆਂ ਦੇ ਨਾਲ ਦੁਨੀਆ ਵਿਚ ਸਭ ਤੋਂ ਵੱਧ ਟੈਨਿਸ ਖਿਡਾਰੀ ਰੱਖਣ ਵਾਲਾ ਦੇਸ਼ ਹੈ ਪਰ ਭਾਰਤ ਦੀ ਸਮੱਸਿਆ ਇਹ ਹੈ ਕਿ ਉਸ ਦੀ ਭੂਗੋਲਿਕ ਸਥਿਤੀ ਯੂਰਪ ਦੀ ਤਰ੍ਹਾਂ ਨਹੀਂ ਹੈ, ਜਿੱਥੇ ਖਿਡਾਰੀਆਂ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਜਾ ਕੇ ਖੇਡਣ ਵਿਚ ਬਹੁਤ ਹੀ ਆਸਾਨੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਭਾਰਤ ਵਿਚ ਸਿੰਗਲਜ਼ ਗ੍ਰੈਂਡ ਸਲੈਮ ਚੈਂਪੀਅਨ ਨਿਕਲ ਕੇ ਸਾਹਮਣੇ ਨਹੀਂ ਆ ਰਹੇ ਹਨ।'

 

ਬਾਰਤੋਲੀ ਨੂੰ 60 ਲੱਖ ਖਿਡਾਰੀਆਂ ਦੀ ਇਹ ਗਿਣਤੀ ਸੁਣ ਕੇ ਕਾਫੀ ਹੈਰਾਨੀ ਹੋਈ ਪਰ ਉਸ ਨੇ ਕਿਹਾ ਕਿ ਭਾਰਤ ਸਹੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਉਸ ਨੇ ਕਿਹਾ, 'ਇਹ ਇਕ ਅਦਭੁੱਤ ਅੰਕੜਾ ਹੈ। ਭਾਰਤ ਵਿਚ ਮਹੇਸ਼ ਭੂਪਤੀ, ਲੀਏਂਡਰ ਪੇਸ, ਰੋਹਨ ਬੋਪੰਨਾ ਤੇ ਯੂਕੀ ਭਾਂਬਰੀ ਵਰਗੇ ਚੰਗੇ ਖਿਡਾਰੀ ਹਨ ਤੇ ਤੁਸੀਂ ਭਵਿੱਖ ਵਿਚ ਸਿੰਗਲਜ਼ ਗ੍ਰੈਂਡ ਸਲੈਮ ਚੈਂਪੀਅਨ ਦੀ ਉਮੀਦ ਕਰ ਸਕਦੇ ਹੋ।'