ਆਈ ਐੱਸ ਖਿਲਾਫ ਗਠਜੋੜ ''ਚ ਕੁਵੈਤ ਸ਼ਾਮਿਲ

Global News

ਦੁਬਈ — ਕੁਵੈਤ ਨੇ ਇਰਾਕ ਅਤੇ ਸੀਰੀਆ 'ਚ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ( ਆਈ ਐੱਸ ) ਖਿਲਾਫ ਮੁਹਿੰਮ 'ਚ ਅਮਰੀਕੀ ਗਠਜੋੜ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਮੁਹਿੰਮ 'ਚ ਉਸਦੇ ਫੌਜੀ ਸਿੱਧੇ ਤੌਰ 'ਤੇ ਹਿੱਸਾ ਨਹੀਂ ਲੈਣਗੇ। ਕੁਵੈਤ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਇਰਾਕ ਅਤੇ ਸੀਰੀਆ 'ਚ ਆਈ ਐੱਸ ਖਿਲਾਫ ਲੜਾਈ 'ਚ ਕੁਵੈਤ ਅਮਰੀਕੀ ਗਠਜੋੜ ਨਾਲ ਸ਼ਾਮਿਲ ਹੋਵੇਗਾ।

 

ਕੁਵੈਤ ਇਸ ਮੁਹਿੰਮ 'ਚ ਫੌਜ ਤੋਂ ਇਲਾਵਾ ਦੂਸਰੀ ਤਰ੍ਹਾਂ ਦੀ ਮਦਦ ਮੁਹੱਈਆ ਕਰਾਏਗਾ। ਕੁਵੈਤ 'ਚ ਕੈਬਨਿਟ ਮਾਮਲਿਆਂ ਦੇ ਮੰਤਰੀ ਸ਼ੇਖ ਮੁਹੰਮਦ ਅਲ ਮੁਬਾਰਕ ਅਲ ਸ਼ਬਾਹ ਨੇ ਇੱਥੇ ਇਕ ਇੰਟਰਵਿਊ 'ਚ ਕਿਹਾ, ''ਕੁਵੈਤ ਸਾਰੇ ਮੋਰਚਿਆਂ 'ਤੇ ਸਾਊਦੀ ਅਰਬ ਨਾਲ ਮਿਲ ਕੇ ਕੰਮ ਕਰੇਗਾ। ਅਸੀਂ ਆਪਣੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਖਾੜੀ ਦੇ ਸਹਿਯੋਗੀਆਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਹਮੇਸ਼ਾ ਤਿਆਰ ਹਾਂ।'' ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਸੋਮਵਾਰ ਨੂੰ ਸੀਰੀਆ 'ਚ ਆਈ ਐੱਸ ਦੇ ਅੱਤਵਾਦੀਆਂ ਖਿਲਾਫ ਮੁਹਿੰਮ 'ਚ ਅਪਣੇ ਵਿਸ਼ੇਸ਼ ਸੁਰੱਖਿਆ ਬਲਾਂ ਨੂੰ ਭੇਜਣ ਦੀ ਸੰਭਾਵਨਾ ਪ੍ਰਗਟ ਕੀਤੀ ਸੀ।