ISI-ਪਾਕਿ ਦੇ ਅੱਤਵਾਦੀਆਂ ਸੰਗਠਨਾਂ ਨੂੰ ਫੌਜ ਮਦਦ ਕਰਦੀ ਹੈ- ਹੈਡਲੀ

Global News

ਮੁੰਬਈ— ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਨੇ ਇੱਥੇ ਇਕ ਅਦਾਲਤ ਦੇ ਸਾਹਮਣੇ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਆਪਣੀ ਗਵਾਹੀ ਜਾਰੀ ਰੱਖੀ। ਹੈਡਲੀ ਨੇ ਇਕ ਗੁਪਤ ਸਥਾਨ ਤੋਂ ਵਿਸ਼ੇਸ਼ ਜਸਟਿਸ ਜੀ.ਏ. ਸਨਪ ਨੂੰ ਦੱਸਿਆ ਕਿ ਆਈ.ਐੱਸ.ਆਈ. ਪਾਕਿਸਤਾਨ 'ਚ ਵੱਖ-ਵੱਖ ਅੱਤਵਾਦੀ ਸੰਗਠਨਾਂ ਨੂੰ ਵਿੱਤੀ, ਫੌਜ ਅਤੇ ਨੈਤਿਕ ਸਹਿਯੋਗ ਦੇ ਕੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ 26 ਨਵੰਬਰ 2008 ਨੂੰ ਕੀਤੇ ਗਏ ਹਮਲੇ ਤੋਂ ਇਕ ਸਾਲ ਪਹਿਲਾਂ ਹੀ ਮੁੰਬਈ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਸ਼ੁਰੂ 'ਚ ਲਸ਼ਕਰ ਨੇ ਤਾਜ ਹੋਟਲ 'ਚ ਭਾਰਤੀ ਰੱਖਿਆ ਵਿਗਿਆਨੀਆਂ ਦੇ ਸੰਮੇਲਨ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਸ ਲਈ ਹੋਟਲ ਦਾ ਮਾਡਲ ਵੀ ਤਿਆਰ ਕਰ ਲਿਆ ਗਿਆ ਸੀ। ਹੈਡਲੀ ਨੇ ਕਿਹਾ ਕਿ ਰੱਖਿਆ ਵਿਗਿਆਨੀਆਂ ਦੇ ਸੰਮੇਲਨ 'ਤੇ ਹਮਲੇ ਦੀ ਯੋਜਨਾ ਟਾਲ ਦਿੱਤੀ ਗਈ, ਕਿਉਂਕਿ ਹਥਿਆਰਾਂ ਦੀ ਤਸਕਰੀ ਕਰਨ 'ਚ ਪਰੇਸ਼ਾਨੀ ਸੀ ਅਤੇ ਇਸ ਸੰਮੇਲਨ ਦੇ ਪੂਰੇ ਪ੍ਰੋਗਰਾਮ ਬਾਰੇ ਜਾਣਕਾਰੀ ਵੀ ਨਹੀਂ ਮਿਲ ਪਾਈ ਸੀ।


ਉਸ ਨੇ ਸਿੱਧੀ ਵਿਨਾਇਕ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਾਰੇ ਦੱਸਦੇ ਹੋਏ ਕਿਹਾ ਕਿ ਸਾਜਿਦ ਮੀਰ (ਲਸ਼ਕਰ 'ਚ ਹੈਡਲੀ ਦਾ ਆਕਾ) ਨੇ ਉਸ ਨੂੰ ਵਿਸ਼ੇਸ਼ ਰੂਪ ਨਾਲ ਮੰਦਰ ਦਾ ਵੀਡੀਓ ਬਣਾਉਣ ਲਈ ਕਿਹਾ ਸੀ। ਹੈਡਲੀ ਨੇ ਇਹ ਵੀ ਕਿਹਾ ਕਿ ਉਹ ਆਈ.ਐੱਸ.ਆਈ. ਲਈ ਵੀ ਕੰਮ ਕਰ ਰਿਹਾ ਸੀ ਅਤੇ ਪਾਕਿਸਤਾਨੀ ਫੌਜ ਦੇ ਕਈ ਅਧਿਕਾਰੀਆਂ ਤੋਂ ਮਿਲਿਆ ਸੀ। ਉਸ ਨੇ ਕਿਹਾ ਕਿ ਉਸ ਨੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ ਸਈਦ ਅਤੇ ਜਕੀਉਰ ਰਹਿਮਾਨ ਲਖਵੀ ਨੂੰ ਲਸ਼ਕਰ ਨੂੰ ਗਲੋਬਲ ਅੱਤਵਾਦੀ ਸੰਗਠਨ ਐਲਾਨ ਕਰ ਕੇ ਉਸ ਨੂੰ ਪਾਬੰਦੀਸ਼ੁਦਾ ਕਰਨ ਨੂੰ ਲੈ ਕੇ ਅਮਰੀਕੀ ਸਰਕਾਰ ਨੂੰ ਅਦਾਲਤ 'ਚ ਖਿੱਚਣ ਦੀ ਸਲਾਹ ਵੀ ਦਿੱਤੀ ਸੀ। ਹੈਡਲੀ ਤੋਂ 26/11 ਮਾਮਲੇ ਦੇ ਸਰਕਾਰੀ ਗਵਾਹ ਦੇ ਤੌਰ 'ਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।