ਅਫਜ਼ਲ ਗੁਰੂ ਦੀ ਬਰਸੀ ''ਤੇ ਕਸ਼ਮੀਰ ''ਚ ਕਰਫਿਊ ਵਰਗੀ ਪਾਬੰਦੀ

Global News

ਸ਼੍ਰੀਨਗਰ  (ਮਜੀਦ) - ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਫਾਂਸੀ ਦੀ ਬਰਸੀ 'ਤੇ ਵੱਖਵਾਦੀਆਂ ਦੇ ਵਿਰੋਧ ਵਿਖਾਵੇ ਨੂੰ ਵੇਖਦੇ ਹੋਏ ਸ਼੍ਰੀਨਗਰ ਪ੍ਰਸ਼ਾਸਨ ਨੇ ਸਖ਼ਤ ਪਾਬੰਦੀਆਂ ਲਗਾਈਆਂ ਹਨ, ਜਿਸ ਦੇ ਕਾਰਨ ਮੰਗਲਵਾਰ ਨੂੰ ਕਰਫਿਊ ਵਰਗੀ ਪਾਬੰਦੀ ਕਸ਼ਮੀਰ ਵਿਚ ਦੇਖਣ ਨੂੰ ਮਿਲੀ। ਪੁਲਸ ਅਨੁਸਾਰ ਪੁਲਸ ਥਾਣਾ ਇਲਾਕਿਆਂ ਖਾਨਯਾਰ, ਨੋਹੱਟਾ, ਐੱਮ. ਆਰ. ਗੰਜ, ਰੈਨਾਵਾੜੀ, ਮੈਸੂਮਾ ਅਤੇ ਸਫਾ ਕਦਾਲ ਵਿਚ ਅਮਨ-ਕਾਨੂੰਨ ਦੀ ਹਾਲਤ ਬਣਾਈ ਰੱਖਣ ਲਈ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਲਈ ਘਾਟੀ ਵਿਚ ਰੇਲ ਸੇਵਾ ਨੂੰ ਰੱਦ ਕਰ ਦਿੱਤਾ। ਓਧਰ ਪ੍ਰਮੁੱਖ ਵੱਖਵਾਦੀ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ।


ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼੍ਰੀਨਗਰ-ਬਡਗਾਮ ਅਤੇ ਬਾਰਾਮੂਲਾ ਤੇ ਬਡਗਾਮ-ਸ਼੍ਰੀਨਗਰ-ਅਨੰਤਨਾਗ-ਕਾਜੀਕੁੰਡ ਤੋਂ ਜੰਮੂ ਇਲਾਕੇ ਦੇ ਬਨਿਹਾਲ ਦੌਰਾਨ ਰੇਲ ਸੇਵਾ ਵੀ ਮੁਲਤਵੀ ਰਹੇਗੀ।  ਅਫਜ਼ਲ ਨੂੰ 9 ਫਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ ਵਿਚ ਫਾਂਸੀ ਦਿੱਤੀ ਗਈ ਸੀ। ਘਾਟੀ ਦੇ ਜ਼ਿਲਾ ਮੁੱਖ ਦਫਤਰ ਅਤੇ ਸ਼੍ਰੀਨਗਰ ਵਿਚ ਅੱਜ ਦੁਕਾਨਾਂ, ਜਨਤਕ, ਟਰਾਂਸਪੋਰਟ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਸਰਕਾਰੀ ਦਫਤਰਾਂ, ਬੈਂਕਾਂ, ਡਾਕਘਰਾਂ ਵਿਚ ਕੰਮਕਾਜ ਜਨਤਕ ਟਰਾਂਸਪੋਰਟ ਨਾ ਚੱਲਣ ਕਰਕੇ ਪ੍ਰਭਾਵਿਤ ਹੋਇਆ।  ਹੁਰੀਅਤ ਕਾਨਫਰੰਸ ਦੋ ਧੜਿਆਂ ਸਮੇਤ ਸਾਰੇ ਪ੍ਰਮੁੱਖ ਵੱਖਵਾਦੀ ਸੰਗਠਨਾਂ ਨੇ ਅਫਜ਼ਲ ਗੁਰੂ ਦੀ ਤੀਸਰੀ ਬਰਸੀ 'ਤੇ ਆਮ ਹੜਤਾਲ ਦਾ ਸੱਦਾ ਦਿੱਤਾ ਸੀ। ਓਧਰ ਲੋਕਾਂ ਨੇ ਕਿਹਾ ਕਿ ਵਾਰ-ਵਾਰ ਦੀਆਂ ਹੜਤਾਲਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ ਅਤੇ ਉਹ ਘਰਾਂ ਵਿਚ ਰਹਿਣ ਲਈ ਮਜਬੂਰ ਹਨ।

 

ਜੇ. ਕੇ. ਐੱਲ. ਐੱਫ. ਵਲੋਂ ਸੱਦੀ ਗਈ ਰੈਲੀ ਨੂੰ ਪੁਲਸ ਨੇ ਅਸਫਲ ਕਰਕੇ ਪਾਰਟੀ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਸਮੇਤ ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਸੀ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਉਤਰੀ ਕਸ਼ਮੀਰ ਵਿਚ ਹੰਦਵਾੜਾ ਨੂੰ ਛੱਡ ਕੇ ਸਾਰੇ ਵੱਡੇ ਸ਼ਹਿਰਾਂ ਵਿਚ ਧਾਰਾ 144 ਲਾਗੂ ਕੀਤੀ ਗਈ ਹੈ। ਜੇ. ਕੇ. ਐੱਲ. ਐੱਫ. ਨੇ ਅਫਜ਼ਲ ਗੁਰੂ ਦਾ ਤਾਬੂਤ ਉਸਦੇ ਪਰਿਵਾਰ ਨੂੰ ਸੌਂਪਣ ਦੀ ਮੰਗ ਕੀਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਥਾਂ ਤੋਂ ਕਿਸੇ ਮਾੜੀ ਘਟਨਾ ਦੀ ਸੂਚਨਾ ਨਹੀਂ ਮਿਲੀ।