ਤੇਲੰਗਾਨਾ ''ਚ ਗਰਭਵਤੀ ਔਰਤ ਦੇ ਕੱਪੜੇ ਪਾੜ ਕੇ ਘੁਮਾਇਆ

Global News

ਵਾਰੰਗਲ - ਤੇਲੰਗਾਨਾ ਸੂਬੇ ਦੇ ਵਾਰੰਗਲ ਜ਼ਿਲੇ ਦੇ ਡੀਸੀ ਥਾਂਡਾ ਪਿੰਡ 'ਚ ਇਕ ਗਰਭਵਤੀ ਔਰਤ ਦੇ ਪਤੀ ਦੀ ਪਹਿਲੀ ਪਤਨੀ ਦੇ ਮਾਪਿਆਂ ਨੇ ਕਥਿਤ ਤੌਰ 'ਤੇ ਉਸਦੇ ਕੱਪੜੇ ਪਾੜ ਦਿੱਤੇ ਅਤੇ ਉਸ ਨੂੰ ਨੰਗਾ ਕਰਕੇ ਘੁਮਾਇਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਵੀ ਨਾਂ ਦੇ ਕਿਸਾਨ ਨੇ ਪਿਛਲੇ ਸਾਲ ਮਾਰਚ ਵਿਚ ਗੁਪਤ ਰੂਪ 'ਚ ਇਕ ਔਰਤ ਨਾਲ ਵਿਆਹ ਕਰਵਾ ਲਿਆ, ਜਦਕਿ ਉਸਦੀ ਇਕ ਪਤਨੀ ਸਵਰੂਪਾ ਪਹਿਲਾਂ ਸੀ। ਅਧਿਕਾਰੀ ਨੇ ਦੱਸਿਆ ਕਿ ਰਵੀ ਆਪਣੀ ਦੂਸਰੀ ਪਤਨੀ ਨਾਲ ਵਾਰੰਗਲ 'ਚ ਰਹਿੰਦਾ ਸੀ। ਸਵਰੂਪਾ ਨੇ ਪਿੰਡ ਦੀ ਪੰਚਾਇਤ ਕੋਲੋਂ ਨਿਆਂ ਲਈ ਬੇਨਤੀ ਕੀਤੀ, ਜਿਸ ਨੇ ਰਵੀ ਨੂੰ ਉਸ ਨੂੰ ਅਤੇ ਉਸਦੇ 2 ਬੱਚਿਆਂ ਨੂੰ ਸਾਢੇ ਸੱਤ ਲੱਖ ਰੁਪਏ ਦੇਣ ਨੂੰ ਕਿਹਾ। ਇਸ ਬਹਿਸ ਦੌਰਾਨ ਰਵੀ ਅਤੇ ਸਵਰੂਪਾ ਦਰਮਿਆਨ ਬਹਿਸ ਹੋ ਗਈ।


ਉਸ ਵੇਲੇ ਉਸਦੀ ਦੂਸਰੀ ਪਤਨੀ ਵੀ ਉਥੇ ਮੌਜੂਦ ਸੀ, ਜੋ ਗਰਭਵਤੀ ਹੈ। ਉਸ ਨੇ ਰਵੀ ਦੇ ਪੱਖ 'ਚ ਬਹਿਸ ਕੀਤੀ ਤਾਂ ਸਵਰੂਪਾ ਦੇ ਮਾਪਿਆਂ ਨੇ ਕਥਿਤ ਤੌਰ 'ਤੇ ਰਵੀ ਅਤੇ ਉਸਦੀ ਦੂਸਰੀ ਔਰਤ 'ਤੇ ਹਮਲਾ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲੇ 'ਚ ਦੂਸਰੀ ਪਤਨੀ ਦੇ ਕੱਪੜੇ ਪਾੜ ਕੇ ਉਸ ਨੂੰ ਘੁਮਾਇਆ ਤੇ ਜ਼ਖਮੀ ਵੀ ਕਰ ਦਿੱਤਾ। ਇਸ ਸਬੰਧ ਵਿਚ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ  4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਸਰਿਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।