...ਹੁਣ ਸ਼੍ਰੀਲੰਕਾ ਦੀ ਵਾਰੀ!

Global News

ਪੁਣੇ—ਏਸ਼ੀਆ ਕੱਪ ਤੇ ਫਿਰ ਆਈ. ਸੀ. ਸੀ. ਵਿਸ਼ਵ ਕੱਪ ਟੀ-20 ਟੂਰਨਾਮੈਂਟ ਤੋਂ ਪਹਿਲਾਂ ਅਭਿਆਸ ਦੇ ਲਿਹਾਜ ਨਾਲ ਮਹੱਤਵਪੂਰਨ ਮੰਨੀ ਜਾ ਰਹੀ ਸ਼੍ਰੀਲੰਕਾ ਲੜੀ ਦੇ ਮੰਗਲਵਾਰ ਨੂੰ ਇੱਥੇ ਪਹਿਲੇ ਮੁਕਾਬਲੇ ਲਈ ਨਵੇਂ, ਨੌਜਵਾਨ ਤੇ ਤਜਰਬੇਕਾਰ ਚਿਹਰਿਆਂ ਦੇ ਮੇਲ ਨਾਲ ਸਜੀ ਭਾਰਤੀ ਟੀਮ ਜੇਤੂ ਸ਼ੁਰੂਆਤ ਦੇ ਇਰਾਦੇ ਨਾਲ ਉਤਰੇਗੀ। 
ਆਸਟ੍ਰੇਲੀਆ ਵਿਰੁੱਧ ਉਸੇ ਦੀ ਧਰਤੀ 'ਤੇ ਟੀ-20 ਲੜੀ ਵਿਚ 3-0 ਨਾਲ ਕਲੀਨ ਸਵੀਪ ਕਰਨ ਵਾਲੀ ਟੀਮ ਇੰਡੀਆ ਘਰੇਲੂ ਧਰਤੀ 'ਤੇ ਵੀ ਇਹੀ ਲੈਅ ਬਰਕਰਾਰ ਰੱਖਣ ਦਾ ਇਰਾਦਾ ਰੱਖਦੀ ਹੈ। ਭਾਰਤ ਕੋਲ ਸ਼੍ਰੀਲੰਕਾ ਲੜੀ ਵਿਚ ਚੰਗਾ ਪ੍ਰਦਰਸ਼ਨ ਕਰਨ ਦਾ ਮੁੱਖ ਮਕਸਦ ਫਿਲਹਾਲ ਲੜੀ ਜਿੱਤਣਾ ਨਹੀਂ ਸਗੋਂ ਏਸ਼ੀਆ ਕੱਪ ਤੇ ਮਾਰਚ ਵਿਚ ਆਪਣੀ ਮੇਜ਼ਬਾਨੀ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਤਿਆਰੀਆਂ ਨੂੰ ਵੀ ਪੁਖਤਾ ਕਰਨਾ ਹੈ।


ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਸ਼੍ਰੀਲੰਕਾ ਵਿਰੁੱਧ ਲੜੀ ਵਿਚ ਪਵਨ ਨੇਗੀ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਨਵੇਂ ਚਿਹਰੇ ਹਨ, ਜਿਨ੍ਹਾਂ ਨੂੰ ਵਿਸ਼ਵ ਕੱਪ ਲਈ ਵੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ ਤੇ ਉਸਦੇ ਲਈ ਵੱਡੇ ਟੂਰਨਾਮੈਂਟਾਂ ਵਿਚ ਉਤਰਨ ਤੋਂ ਪਹਿਲਾਂ ਇਹ ਤਿਆਰੀ ਦਾ ਆਖਰੀ ਤੇ ਅਹਿਮ ਮੌਕਾ ਹੋਵੇਗਾ, ਜਦੋਂ ਉਸ ਨੂੰ ਕੌਮਾਂਤਰੀ ਟੀਮ ਤੇ ਸਾਬਕਾ ਟੀ-20 ਚੈਂਪੀਅਨ ਸ਼੍ਰੀਲੰਕਾ ਵਿਰੁੱਧ ਖੇਡਣ ਦਾ ਮੌਕਾ ਮਿਲੇਗਾ।


ਇਸ ਦੇ ਇਲਾਵਾ ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ, ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਤੇ ਆਲਰਾਊਂਡਰ ਯੁਵਰਾਜ ਸਿੰਘ ਵੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਹਨ। ਟੀਮ ਤੋਂ ਬਾਹਰ ਰਹਿਣ ਤੇ ਫਿਰ ਵਾਪਸੀ ਤੋਂ ਬਾਅਦ ਆਈ. ਸੀ. ਸੀ. ਟੂਰਨਾਮੈਂਟ ਲਈ ਟੀਮ ਵਿਚ ਜਗ੍ਹਾ ਬਣਾਉਣ ਤਕ ਦਾ ਸਫਰ ਤੈਅ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਲਈ ਵੀ ਆਪਣੀ ਉਪਯੋਗਿਤਾ ਤੇ ਚੋਣ ਨੂੰ ਸਹੀ ਸਾਬਤ ਕਰਨ ਲਈ ਸ਼੍ਰੀਲੰਕਾ ਵਿਰੁੱਧ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਰਹੇਗਾ।  ਸ਼੍ਰੀਲੰਕਾ ਵਿਰੁੱਧ ਭਾਰਤੀ ਟੀਮ ਵਿਚ ਸਟਾਰ ਖਿਡਾਰੀ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਤੇ ਉਸ ਦੀ ਗੈਰ-ਮੌਜੂਦਗੀ ਜ਼ਰੂਰ ਮਹਿਸੂਸ ਹੋਵੇਗੀ। ਆਸਟ੍ਰੇਲੀਆ ਦੌਰੇ 'ਤੇ ਟੀਮ ਦਾ ਹਿੱਸਾ ਰਹੇ ਵਿਰਾਟ ਦੇ ਇਲਾਵਾ ਰਿਸ਼ੀ ਧਵਨ, ਗੁਰਕੀਰਤ ਸਿੰਘ ਮਾਨ ਤੇ ਉਮੇਸ ਯਾਦਵ ਸ਼੍ਰੀਲੰਕਾ ਵਿਰੁੱਧ ਲੜੀ ਤੋਂ ਬਾਹਰ ਹਨ ਪਰ ਟੀਮ ਵਿਚ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿਚ ਆਲਰਾਊਂਡਰ ਮਨੀਸ਼ ਪਾਂਡੇ, ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਪਵਨ ਨੇਗੀ ਕਮੀ ਨੂੰ ਪੂਰਾ ਕਰ ਸਕਦੇ ਹਨ।


ਦੂਜੇ ਪਾਸੇ ਜੇਕਰ ਸ਼੍ਰੀਲੰਕਾ ਟੀਮ ਨੂੰ ਦੇਖਿਆ ਜਾਵੇ ਤਾਂ ਸਾਬਕਾ ਚੈਂਪੀਅਨ ਟੀਮ ਵਿਚ ਵੀ ਕਾਫੀ ਕੁਝ ਬਦਲਿਆ ਹੈ। ਐਂਜੇਲੋ ਮੈਥਿਊਜ਼, ਲਸਿਥ ਮਲਿੰਗਾ, ਨੁਵਾਨ ਕੁਲਾਸ਼ੇਖਰਾ, ਰੰਗਨਾ ਹੇਰਾਥ, ਨੁਵਾਨ ਪ੍ਰਦੀਪ ਜਿੱਥੇ ਸੱਟਾਂ ਕਾਰਨ ਟੀ-20 ਟੀਮ ਦਾ ਹਿੱਸਾ ਨਹੀਂ ਹਨ ਤਾਂ ਕੁਮਾਰ ਸੰਗਾਕਾਰਾ ਤੇ ਮਹੇਲਾ ਜੈਵਰਧਨੇ ਵਰਗੇ ਤਜਰਬੇਕਾਰ ਧਾਕੜ ਖਿਡਾਰੀ ਹੁਣ ਰਿਟਾਇਰ ਹੋ ਚੁੱਕੇ ਹਨ। ਉਹ ਸ਼੍ਰੀਲੰਕਾਈ ਟੀਮ ਜਿਸ ਨੇ ਭਾਰਤ ਨੂੰ 2014 ਟੀ-20 ਵਿਸ਼ਵ ਕੱਪ ਫਾਈਨਲ ਵਿਚ ਹਰਾਇਆ ਸੀ, ਉਹ ਹੁਣ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਹੈ ਤੇ ਪਿਛਲੇ ਕੁਝ ਸਮੇਂ ਵਿਚ ਉਸਦੇ ਪ੍ਰਦਰਸ਼ਨ ਵਿਚ ਇਹ ਦਿਖਾਈ ਦਿੱਤਾ ਹੈ।