ਲੰਮੀ ਦੂਰੀ ਤੱਕ ਮਾਰ ਕਰਨ ਵਾਲਾ ਰਾਕੇਟ ਉੱਤਰੀ ਕੋਰੀਆ ਵਲੋਂ ਲਾਂਚ ਕੀਤੇ ਜਾਣ ਦੀ ਕੈਨੇਡਾ ਵਲੋਂ ਨਿਖੇਧੀ

Global News

ਕੈਲਗਰੀ (ਰਾਜੀਵ ਸ਼ਰਮਾ)- ਉੱਤਰੀ ਕੋਰੀਆ ਵਲੋਂ ਐਤਵਾਰ ਨੂੰ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਰਾਕੇਟ ਨੂੰ ਲਾਂਚ ਕੀਤੇ ਜਾਣ ਦੀ ਵਿਦੇਸ਼ ਮੰਤਰੀ ਸਟੀਫਨ ਡਿਓਨ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ।ਐਤਵਾਰ ਨੂੰ ਜਾਰੀ ਕੀਤੇ ਗਏ ਬਿਆਨ 'ਚ ਡਿਓਨ ਨੇ ਆਖਿਆ ਕਿ ਉੱਤਰੀ ਕੋਰੀਆ ਦੇ ਅਧਿਕਾਰੀ ਆਪਣੇ ਕੌਮਾਂਤਰੀ ਫਰਜ਼ਾਂ ਤੋਂ ਪਾਸਾ ਵੱਟ ਕੇ ਇਸ ਤਰ੍ਹਾਂ ਦੇ ਕਦਮ ਚੁੱਕ ਰਹੇ ਹਨ, ਜੋ ਕਿ ਕੌਮਾਂਤਰੀ ਸ਼ਾਂਤੀ ਤੇ ਸਕਿਓਰਿਟੀ ਲਈ ਵੱਡੀ ਚੁਣੌਤੀ ਹਨ।ਡਿਓਨ ਨੇ ਉੱਤਰੀ ਕੋਰੀਆ ਵਲੋਂ 6 ਜਨਵਰੀ ਨੂੰ ਕੀਤੇ ਗਏ ਪ੍ਰਮਾਣੂ ਪ੍ਰੀਖਣ ਦੀ ਵੀ ਉਦਾਹਰਨ ਦਿੱਤੀ ਤੇ ਆਖਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਖਿੱਤੇ 'ਚ ਸਥਿਰਤਾ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਬਾਲਿਸਟਿਕ ਮਿਜ਼ਾਈਲ ਤਕਨਾਲੋਜੀ ਦੀ ਵਰਤੋਂ ਕਰਦਿਆਂ ਹੋਇਆਂ ਉੱਤਰੀ ਕੋਰੀਆ ਵਲੋਂ ਕੀਤਾ ਜਾਣ ਵਾਲਾ ਕਿਸੇ ਵੀ ਕਿਸਮ ਦਾ ਪਰੀਖਣ ਸੰਯੁਕਤ ਰਾਸ਼ਟਰ ਸਕਿਊਰਿਟੀ ਕੌਂਸਲ ਦੇ ਮਤਿਆਂ ਦੀ ਸਰਾਸਰ ਉਲੰਘਣਾ ਹੈ।ਡਿਓਨ ਨੇ ਆਖਿਆ ਕਿ ਉਹ ਉੱਤਰੀ ਕੋਰੀਆ ਨੂੰ ਗੁਜ਼ਾਰਿਸ਼ ਕਰਦੇ ਹਨ ਕਿ ਇਸ ਤਰ੍ਹਾਂ ਦੀਆਂ ਭੜਕਾਊ ਗਤੀਵਿਧੀਆਂ ਬੰਦ ਕਰੇ ਤੇ ਆਪਣੇ ਕੌਮਾਂਤਰੀ ਫਰਜ਼ਾਂ ਨੂੰ ਨਿਭਾਵੇ। ਉੱਤਰੀ ਕੋਰੀਆ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਤੇ ਜਾਪਾਨ ਦੀ ਬੇਨਤੀ 'ਤੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੇ ਬੰਦ ਦਰਵਾਜ਼ਾ ਐਮਰਜੈਂਸੀ ਮੀਟਿੰਗ ਕੀਤੀ।ਜਿਸ 'ਚ ਨਵੀਆਂ ਪਾਬੰਦੀਆਂ ਲਾਉਣ ਲਈ ਤੇਜ਼ੀ ਨਾਲ ਨਵਾਂ ਮਤਾ ਲਿਆਉਣ ਦਾ ਫੈਸਲਾ ਕੀਤਾ ਗਿਆ।ਡਿਓਨ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਵਲੋਂ ਇਸ ਬਾਬਤ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਕੈਨੇਡਾ ਸਮਰਥਨ ਕਰੇਗਾ।

 

ਡਿਓਨ ਨੇ ਆਖਿਆ ਕਿ ਉੱਤਰੀ ਕੋਰੀਆ ਦੇ ਇਸ ਤਰ੍ਹਾਂ ਦੇ ਗੈਰ ਜ਼ਿੰਮੇਵਾਰਾਨਾ ਤੇ ਖਤਰਨਾਕ ਰਵੱਈਏ ਨੂੰ ਠੱਲ੍ਹ ਪਾਉਣ ਲਈ ਕੌਮਾਂਤਰੀ ਤੇ ਖੇਤਰੀ ਭਾਈਵਾਲ ਜਿਹੜਾ ਵੀ ਕਦਮ ਚੁੱਕਣਗੇ ਅਸੀਂ ਉਸ ਦਾ ਸਮਰਥਨ ਕਰਾਂਗੇ।ਲੰਮੀ ਦੂਰੀ ਤੱਕ ਮਾਰ ਕਰਨ ਵਾਲਾ ਰਾਕੇਟ ਉੱਤਰੀ ਕੋਰੀਆ ਦੇ ਪੱਛਮੀ ਤੱਟ ਤੋਂ ਲਾਂਚ ਕੀਤਾ ਗਿਆ। ਇਸ ਰਾਕੇਟ ਦਾ ਟਰੈਕ ਅਮਰੀਕੀ, ਜਾਪਾਨੀ ਤੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਵਲੋਂ ਰੱਖਿਆ ਗਿਆ।ਇਸ ਦੇ ਮਲਬੇ ਨਾਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ।ਕਮਿਊਨਿਸਟ ਮੁਲਕ ਦਾ ਕਹਿਣਾ ਹੈ ਕਿ ਇਹ ਲਾਂਚ ਸ਼ਾਂਤਮਈ ਸਪੇਸ ਪ੍ਰੋਗਰਾਮ ਦਾ ਹਿੱਸਾ ਹੈ।ਇਸ ਨਾਲ ਉਹ ਆਪਣੀ ਇੱਕ ਹੋਰ ਸੈਟੇਲਾਈਟ ਸ਼ਾਈਨਿੰਗ ਸਟਾਰ 4 ਨੂੰ ਪੁਲਾੜ 'ਚ ਸਥਾਪਤ ਕਰਨ 'ਚ ਕਾਮਯਾਬ ਰਹੇ ਹਨ।