ਕੈਲਗਰੀ ''ਚ ਬੌਬਸਲੈੱਡ ਟਰੈਕ ''ਤੇ ਮਾਰੇ ਗਏ ਜੌੜੇ ਭਰਾ

Global News

ਕੈਲਗਰੀ, (ਰਾਜੀਵ ਸ਼ਰਮਾ)— ਕੈਲਗਰੀ 'ਚ ਬੌਬਸਲੈੱਡ ਟਰੈਕ 'ਤੇ ਸ਼ਨੀਵਾਰ ਨੂੰ ਮਾਰੇ ਗਏ ਦੋ ਨੌਜਵਾਨਾਂ ਦੀ ਸ਼ਨਾਖ਼ਤ ਜੌੜੇ ਭਰਾਵਾਂ ਵਜੋਂ ਹੋਈ ਹੈ। ਜਾਰਡਨ ਤੇ ਈਵਾਨ ਕਾਲਡਵੈੱਲ, ਜਿਨ੍ਹਾਂ ਦੀ ਉਮਰ 17 ਸਾਲ ਸੀ, ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਕੈਨੇਡਾ ਦੇ ਓਲੰਪਿਕ ਪਾਰਕ ਦੇ ਬੌਬਸਲੈੱਡ ਟਰੈਕ ਰਾਹੀਂ ਆਪਣੀਆਂ ਨਿੱਜੀ ਸਲੈੱਡ ਦੀ ਵਰਤੋਂ ਕਰਦਿਆਂ ਹੇਠਾਂ ਜਾ ਰਹੇ ਸਨ ਤੇ ਉਨ੍ਹਾਂ ਦੀ ਟੱਕਰ ਇਕ ਵੱਡੇ ਗੇਟ ਨਾਲ ਹੋ ਗਈ। ਇਸੇ ਦੌਰਾਨ ਛੇ ਹੋਰ ਟੀਨੇਜਰ ਵੀ ਜ਼ਖ਼ਮੀ ਹੋ ਗਏ। ਐਮਰਜੈਂਸੀ ਅਮਲੇ ਦੇ ਮੈਂਬਰਾਂ ਨੂੰ 911 'ਤੇ ਕਾਲ ਆਈ ਕਿ ਕੈਨੇਡਾ ਓਲੰਪਿਕ ਪਾਰਕ ਦੀ ਉੱਤਰ-ਪੱਛਮੀ ਵਿੰਨ ਸਪੋਰਟ ਫੈਸੀਲਿਟੀ ਵਿਖੇ ਕਈ ਲੋਕ ਜ਼ਖ਼ਮੀ ਹੋ ਗਏ। ਕੈਨੇਡਾ ਓਲੰਪਿਕ ਪਾਰਕ 1988 ਦੀਆਂ ਵਿੰਟਰ ਓਲੰਪਿਕਜ਼ ਦੌਰਾਨ ਮੇਜ਼ਬਾਨੀ ਕਰਨ ਵਾਲੇ ਵਿਨ ਸਪੋਰਟਜ਼ ਦਾ ਹੀ ਹੈ।

 

ਕਈ ਵਰਲਡ ਕੱਪ ਈਵੈਂਟਜ਼ ਵੀ ਇਥੇ ਹੁੰਦੇ ਹਨ। ਵਿੰਨ ਸਪੋਰਟਜ਼ ਦੇ ਪ੍ਰੈਜ਼ੀਡੈਂਟ ਤੇ ਸੀ. ਈ. ਓ. ਬੈਰੀ ਹੈਕ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਕ ਪਿਤਾ ਹੋਣ ਦੇ ਨਾਤੇ ਉਹ ਸਮਝ ਸਕਦੇ ਹਨ ਕਿ ਦੋਵਾਂ ਦੇ ਮਾਪਿਆਂ 'ਤੇ ਕੀ ਬੀਤ ਰਹੀ ਹੋਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸੰਸਥਾ ਪੁਲਸ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਤੇ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਵੇਂ ਤੇ ਕਿਉਂ ਹੋਇਆ। ਉਨ੍ਹਾਂ ਆਖਿਆ ਕਿ ਇਥੇ ਸਕਿਓਰਿਟੀ ਦੇ ਵੀ ਪੁਖ਼ਤਾ ਇੰਤਜ਼ਾਮ ਹਨ ਪਰ ਪਤਾ ਨਹੀਂ ਇਹ ਹਾਦਸਾ ਕਿਵੇਂ ਵਾਪਰ ਗਿਆ।