ਸਿੱਖ ਅਭਿਨੇਤਾ ਤੇ ਮਾਡਲ ਨੂੰ ਪਗੜੀ ਕਾਰਨ ਜਹਾਜ਼ ''ਤੇ ਚੜ੍ਹਨ ਤੋਂ ਰੋਕਿਆ, ਸਿੱਖਾਂ ''ਚ ਰੋਸ

Global News

ਮੈਕਸੀਕੋ— ਹਾਲੀਵੁੱਡ ਅਦਾਕਾਰ ਅਤੇ ਮਾਡਲ ਵਾਰਿਸ ਆਹਲੂਵਾਲੀਆ ਨੂੰ ਸੋਮਵਾਰ ਨੂੰ ਏਅਰੋਮੈਕਸੀਕੋ ਦੇ ਇਕ ਜਹਾਜ਼ ਵਿਚ ਸਿਰਫ ਇਸ ਲਈ ਨਹੀਂ ਚੜ੍ਹਨ ਦਿੱਤਾ ਗਿਆ ਕਿਉਂਕਿ ਉਸ ਨੇ ਪਗੜੀ ਪਹਿਨੀ ਹੋਈ ਸੀ ਅਤੇ ਸਕਿਓਰਿਟੀ ਦੇ ਕਹਿਣ 'ਤੇ ਜਨਤਕ ਤੌਰ 'ਤੇ ਪਗੜੀ ਉਤਾਰਨ ਤੋਂ ਇਨਕਾਰ ਕਰ ਦਿੱਤਾ। 


ਭਾਰਤੀ ਮੂਲ ਦੇ ਵਾਰਿਸ ਆਹਲੂਵਾਲੀਆ ਨੇ ਕਿਹਾ ਕਿ ਕਿਸੇ ਸਿੱਖ ਨੂੰ ਜਨਤਕ ਥਾਂ 'ਤੇ ਪਗੜੀ ਉਤਾਰਨ ਨੂੰ ਕਹਿਣਾ, ਕਿਸੇ ਨੂੰ ਉਸ ਦੇ ਕੱਪੜੇ ਉਤਾਰਨ ਨੂੰ ਕਹਿਣ ਵਾਂਗ ਹੈ। ਆਹਲੂਵਾਲੀਆ ਨੇ ਏਅਰੋਮੈਕਸੀਕੋ ਦੇ ਜਹਾਜ਼ ਰਾਹੀਂ ਮੈਕਸੀਕੋ ਸਿਟੀ ਤੋਂ ਨਿਊਯਾਰਕ ਲਈ ਉਡਾਣ ਭਰਨੀ ਸੀ। ਉਡਾਣ ਤੋਂ ਪਹਿਲਾਂ ਹੋਈ ਸੁਰੱਖਿਆ ਜਾਂਚ ਦੌਰਾਨ ਇਹ ਘਟਨਾ ਵਾਪਰੀ। ਆਹਲੂਵਾਲੀਆ ਨੇ ਇੰਸਟਾਗ੍ਰਾਮ ਅਕਾਊਂਟ  'ਤੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਆਪਣੀ ਹਵਾਈ ਟਿਕਟ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਉਸ ਦੀ ਟਿਕਟ 'ਤੇ 'ਐੱਸ  ਐੱਸ. ਐੱਸ. ਐੱਸ.' ਦੀ ਮੋਹਰ ਲੱਗੀ ਹੋਈ ਹੈ। ਜਿਸ ਯਾਤਰੀ ਦੀ ਟਿਕਟ 'ਤੇ ਇਹ ਮੋਹਰ ਲੱਗੀ ਹੋਵੇ, ਉਸ ਨੂੰ ਵਧੇਰੇ ਸਖਤ ਤਲਾਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਜਿਸ ਲਈ ਆਹਲੂਵਾਲੀਆ ਤਿਆਰ ਵੀ ਸੀ। ਉਸ ਨੇ ਕਿਹਾ ਕਿ ਉਹ ਵਧੇਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਸੀ ਪਰ ਜਦੋਂ ਏਅਰਲਾਈਨ ਨੇ ਉਸ ਨੂੰ ਸਭ ਦੇ ਸਾਹਮਣੇ ਪਗੜੀ ਉਤਾਰਨ ਨੂੰ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਬਕੌਲ ਆਹਲੂਵਾਲੀਆ ਉਸ ਨੇ ਪ੍ਰਾਈਵੇਟ ਸਕ੍ਰੀਨਿੰਗ ਰੂਮ ਵਿਚ ਤਲਾਸ਼ੀ ਦੀ ਮੰਗ ਕੀਤੀ ਪਰ ਏਅਰਲਾਈਨ ਕਰਮਚਾਰੀਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕੋਈ ਹੋਰ ਫਲਾਈਟ ਦੇਖ ਲਵੇ।  
ਆਹਲੂਵਾਲੀਆ ਅਮਰੀਕਾ ਦੀ ਉੱਘੀ ਸ਼ਖਸੀਅਤ ਹੈ। ਉਹ ਹਾਲੀਵੁੱਡ ਫਿਲਮ 'ਦਿ ਗ੍ਰੈਂਡ ਬੁਡਾਪੋਸਟ ਹੋਟਲ' ਵਿਚ ਕੰਮ ਕਰ ਚੁੱਕਾ ਹੈ ਅਤੇ ਬਤੌਰ ਮਾਡਲ ਕਈ ਇਸ਼ਤਿਹਾਰਾਂ ਵਿਚ ਨਜ਼ਰ ਆ ਚੁੱਕਾ ਹੈ। ਫਿਲਹਾਲ ਉਹ ਕੱਪੜਿਆਂ ਦੀ ਅਮਰੀਕੀ ਬ੍ਰਾਂਡ ਜੀ. ਏ. ਪੀ. ਦਾ ਪ੍ਰਚਾਰ ਕਰ ਰਿਹਾ ਹੈ। 2013 ਵਿਚ ਆਹਲੂਵਾਲੀਆ  'ਗੈਪ' ਦੇ ਇਸ਼ਤਿਹਾਰ ਵਿਚ ਪਹਿਲੇ ਸਿੱਖ ਮਾਡਲ ਦੇ ਰੂਪ 'ਚ ਨਜ਼ਰ ਆਇਆ ਸੀ। ਉਸ ਸਮੇਂ ਵੀ ਉਸ ਦੇ ਪੋਸਟਰ 'ਤੇ ਲੋਕਾਂ ਨੇ ਨਸਲੀ ਟਿੱਪਣੀਆਂ ਲਿੱਖੀਆਂ ਸਨ। ਇਸ ਮੁਹਿੰਮ ਦਾ ਨਾਅਰਾ ਸੀ 'ਮੇਕ ਲਵ', ਜਿਸ ਨੂੰ ਸ਼ਰਾਰਤੀ ਅਨਸਰਾਂ ਨੇ 'ਮੇਕ ਬੰਬ' ਵਿਚ ਤਬਦੀਲ ਕਰ ਦਿੱਤਾ ਨਾਲ ਹੀ ਲਿਖ ਦਿੱਤਾ— 'ਅਮਰੀਕਾ ਵਿਚ ਟੈਕਸੀਆਂ ਚਲਾਉਣੀਆਂ ਬੰਦ ਕਰੋ।'



ਇਸ ਸਿੱਖ ਅਭਿਨੇਤਾ ਨੇ ਇਸ ਮੁੱਦੇ 'ਤੇ ਆਪਣੀਆਂ ਤਿੰਨ ਮੰਗਾਂ ਰੱਖੀਆਂ ਹਨ, ਜੋ ਇਸ ਤਰ੍ਹਾਂ ਹਨ—
1. ਏਅਰੋਮੈਕਸੀਕੋ ਜਨਤਕ ਤੌਰ 'ਤੇ ਮੁਆਫੀ ਮੰਗੇ।
2. ਏਅਰਪੋਰਟ ਸਕਿਓਰਿਟੀ ਅਧਿਕਾਰੀਆਂ ਵਿਚ ਸਿੱਖ ਧਰਮ ਪ੍ਰਤੀ ਜਾਗਰੂਕਤਾ ਫੈਲਾਈ ਜਾਵੇ।
3.  ਧਾਰਮਿਕ ਮਾਨਤਾ ਲਈ ਸਿਰ ਢੱਕਣ ਵਾਲਿਆਂ ਦੀ ਤਲਾਸ਼ੀ ਲੈਣ ਲਈ ਸਟਾਫ ਨੂੰ ਖਾਸ ਟਰੇਨਿੰਗ ਦਿੱਤੀ ਜਾਵੇ।