ਆਈ. ਐੱਸ. ਨੇ ਇਰਾਕ ''ਚ 300 ਲੋਕਾਂ ਨੂੰ ਦਿੱਤੀ ਮੌਤ ਦੀ ਸਜ਼ਾ

Global News

ਬਗਦਾਦ— ਇਸਲਾਮਿਕ ਸਟੇਟ (ਆਈ. ਐੱਸ) ਦੇ ਚਰਮਪੰਥੀ ਅੱਤਵਾਦੀਆਂ ਨੇ ਉੱਤਰੀ ਇਰਾਕ ਦੇ ਮੋਸੁਲ ਸ਼ਹਿਰ 'ਚ ਪਿਛਲੇ ਕੁਝ ਦਿਨਾਂ 'ਚ 300 ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਇਹ ਜਾਣਕਾਰੀ ਇਕ ਕੁਰਦ ਸੁਰੱਖਿਆ ਸੂਤਰ ਤੋਂ ਮਿਲੀ ਹੈ। ਜ਼ਿਕਰਯੋਗ ਹੈ ਕਿ ਮੋਸੁਲ ਸ਼ਹਿਰ ਆਈ. ਐੱਸ. ਲੜਾਕਿਆਂ ਦੇ ਕਬਜ਼ੇ 'ਚ ਹੈ। ਆਈ. ਐੱਸ ਦੇ ਕਬਜ਼ੇ 'ਚੋਂ ਮੋਸੁਲ ਨੂੰ ਮੁਕਤ ਕਰਵਾਉਣ ਲਈ ਬਣੇ ਹਸ਼ਦ ਵਤਾਨੀ ਜਾਂ ਰਾਸ਼ਟਰੀ ਜੁਟਾਨ ਨਾਂ ਦੇ ਸੰਗਠਨ ਦੇ ਬੁਲਾਰੇ ਮਹਿਮੂਦ ਸੂਰੁਚੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਉਨ੍ਹਾਂ 'ਚ ਸਾਬਕਾ ਪੁਲਸ, ਸਾਬਕਾ ਫੌਜੀ ਅਤੇ ਨਾਗਰਿਕ ਵਰਕਰ ਵੀ ਸ਼ਾਮਲ ਹਨ।


ਉਨ੍ਹਾਂ ਨੂੰ ਆਈ. ਐੱਸ. ਨੇ ਇਰਾਕੀ ਸੁਰੱਖਿਆ ਬਲਾਂ ਦੇ ਨਾਲ ਸਹਿਯੋਗ ਕਰਨ ਨੂੰ ਲੈ ਕੇ ਮਾਰ ਦਿੱਤਾ। ਹਾਲਾਂਕਿ ਇਹ ਸਜ਼ਾ ਕਿੱਥੇ ਦਿੱਤੀ ਗਈ, ਇਸ ਬਾਰੇ ਕੁਝ ਵੀ ਨਹੀਂ ਦੱਸਿਆ। ਸੂਰੁਚੀ ਨੇ ਦੱਸਿਆ ਕਿ ਆਈ. ਐੱਸ. ਵਲੋਂ ਇਸ ਸਮੂਹਿਕ ਹੱਤਿਆ ਨਾਲ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਮੋਸੁਲ ਦੇ ਨਾਗਰਿਕਾਂ ਤੋਂ ਹੈ ਜੋ ਸਮੂਹ ਦੇ ਕੱਟੜਵਾਦੀ ਇਸਲਾਮ ਦੇ ਖਿਲਾਫ ਹੈ। ਮੋਸੁਲ ਇਰਾਕ ਦੀ ਰਾਜਧਾਨੀ ਬਗਦਾਦ ਤੋਂ 400 ਤੋਂ ਕਿਲੋਮੀਟਰ ਉੱਤਰ 'ਚ ਹੈ ਅਤੇ ਨਿਨੇਵੇਹ ਸੂਬੇ ਦੀ ਰਾਜਧਾਨੀ ਹੈ। ਇਸ ਸ਼ਹਿਰ 'ਤੇ ਜੂਨ 2014 ਤੋਂ ਹੀ ਆਈ. ਐੱਸ. ਦਾ ਕਬਜ਼ਾ ਹੈ, ਜਦੋਂ ਇਥੋਂ ਇਰਾਕੀ ਸਰਕਾਰ ਦੀ ਫੌਜ ਆਪਣੇ ਹਥਿਆਰ ਅਤੇ ਹੋਰ ਸਾਮਾਨ ਛੱਡ ਕੇ ਭੱਜ ਗਈ ਸੀ।