ਪਾਕਿ-ਅਫਗਾਨ ਖੁਫੀਆ ਏਜੰਸੀਆਂ ਸਹਿਯੋਗ ਸਮਝੌਤੇ ਨੂੰ ਬਹਾਲ ਕਰ ਸਕਦੀਆਂ ਹਨ

Global News

ਇਸਲਾਮਾਬਾਦ— ਪਾਕਿਸਤਾਨ ਤੇ ਅਫਗਾਨਿਸਤਾਨ ਦੀਆਂ ਖੁਫੀਆਂ ਏਜੰਸੀਆਂ ਪਿਛਲੇ ਸਾਲ ਦੇ ਵਿਵਾਦਿਤ ਖੁਫੀਆ ਸਹਿਯੋਗ ਸਮਝੌਤੇ ਨੂੰ ਬਹਾਲ ਕਰ ਸਕਦੀਆਂ ਹਨ। ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਦੇ ਮੁਖੀ ਮਸੂਦ ਅੰਦ੍ਰਾਬੀ ਨੇ ਬੀਤੇ ਹਫਤੇ ਇਸਲਾਮਾਬਾਦ ਦਾ ਗੁਪਤ ਦੌਰਾ ਕੀਤਾ ਸੀ ਤੇ ਆਈ. ਐੱਸ. ਆਈ. ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਿਜ਼ਵਾਨ ਅਖਤਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰੇ ਦੀ ਬੁਨਿਆਦ ਚੀਨ ਤੇ ਅਮਰੀਕਾ ਨੇ ਰੱਖੀ ਸੀ, ਹਾਲਾਂਕਿ ਪਾਕਿਸਤਾਨ ਤੇ ਅਫਗਾਨਿਸਤਾਨ ਨੇ ਅਜੇ ਇਸ ਬਾਰੇ ਐਲਾਨ ਨਹੀਂ ਕੀਤਾ ਹੈ।
 

'ਐਕਸਪ੍ਰੈੱਸ ਟ੍ਰਿਬਿਊਨ' ਅਖਬਾਰ ਮੁਤਾਬਕ ਦੋਵਾਂ ਉੱਚ ਅਧਿਕਾਰੀਆਂ ਨੇ ਪਿਛਲੇ ਸਾਲ ਮਈ 'ਚ ਹੋਏ ਸਮਝੌਤੇ ਸਣੇ ਖੁਫੀਆ ਤੇ ਸੁਰੱਖਿਆ ਸਹਿਯੋਗ ਦੀ ਸੰਭਾਵਨਾ 'ਤੇ ਵਿਚਾਰ ਕੀਤਾ ਸੀ। ਆਈ. ਐੱਸ. ਆਈ. ਤੇ ਉਸ ਦੇ ਅਫਗਾਨ ਹਮਰੁਤਬਾ ਵਿਚਾਲੇ ਇਹ ਆਪਣੀ ਤਰ੍ਹਾਂ ਦਾ ਪਹਿਲਾ ਸਮਝੌਤਾ ਹੈ। ਕੁਝ ਸਾਲਾਂ ਅਣਬਣ ਤੇ ਗਲਤਫਹਿਮੀਆਂ ਤੋਂ ਬਾਅਦ ਦੋਵਾਂ ਪੱਖਾਂ ਨੇ ਅੱਤਵਾਦ ਵਿਰੋਧੀ ਯੁੱਧ 'ਤੇ ਸਹਿਯੋਗ ਸ਼ੁਰੂ ਕੀਤਾ।