''ਮਲਾਲਾ'' ਵਾਂਗ ਮਿਸਾਲ ਬਣੀ ਇਹ ਲੜਕੀ

Global News

ਕਾਨਪੁਰ— ਮਲਾਲਾ ਯੂਸੁਫਜ਼ਈ ਬਾਰੇ ਤਾਂ ਤੁਸੀਂ ਜਾਣਦੇ ਹੋਵੋਗੇ, ਜੋ ਕਿ ਛੋਟੀ ਉਮਰ ਵਿਚ ਹੀ ਬੱਚਿਆਂ ਦੇ ਅਧਿਕਾਰਾਂ ਲਈ ਲੜੀ। ਉਹ ਪਾਕਿਸਤਾਨ ਦੇ ਖੈਬਰ-ਪਖਨੂਤਖਬਾ ਸੂਬੇ ਦੇ ਸਵਾਤ ਜ਼ਿਲੇ ਵਿਚ ਸਥਿਤ ਮਿੰਗੋਰਾ ਸ਼ਹਿਰ ਦੀ ਇਕ ਵਿਦਿਆਰਥਣ ਹੈ। ਮਲਾਲਾ ਉਨ੍ਹਾਂ ਪੀੜਤ ਲੜਕੀਆਂ ਵਿਚੋਂ ਇਕ ਹੈ, ਜੋ ਤਾਲਿਬਾਨ ਦੇ ਫੁਰਮਾਨਾਂ ਕਾਰਨ ਲੰਬੇ ਸਮੇਂ ਤੱਕ ਸਕੂਲ ਜਾਣ ਤੋਂ ਵਾਂਝੀ ਰਹੀ ਪਰ ਉਸ ਨੇ ਆਪਣੀ ਹਿੰਮਤ ਸਦਕਾ ਨਾ ਸਿਰਫ ਲੋਕਾਂ ਨੂੰ ਜਾਗਰੂਕ ਕੀਤਾ ਸਗੋਂ ਕਿ ਤਾਲਿਬਾਨ ਵਿਰੁੱਧ ਖੜ੍ਹਾ ਵੀ ਕੀਤਾ। 


ਕੁਝ ਅਜਿਹੀ ਹੀ ਹੈ, ਇਹ ਲੜਕੀ ਜੋ ਮਲਾਲਾ ਵਾਂਗ ਮਿਸਾਲ ਬਣੀ। ਕਾਨਪੁਰ ਦੇ ਨੌਬਸਤਾ ਥਾਣਾ ਖੇਤਰ 'ਚ ਰਹਿਣ ਵਾਲੀ ਦਿਵਯਾਂਗ (ਅਪਾਹਜ) ਸਮਰ ਨੂੰ ਦੇਖ ਕੇ ਹਰ ਕੋਈ ਮਜ਼ਾਕ ਉਡਾਉਂਦਾ ਸੀ। ਸਮਰ ਨੇ ਦੱਸਿਆ ਕਿ ਜੋ ਲੋਕ ਅਪਾਹਜ ਹੋਣ ਕਾਰਨ ਉਸ ਦਾ ਮਜ਼ਾਕ ਉਡਾਉਂਦੇ ਸਨ, ਉਹ ਹੀ ਲੋਕ ਹੁਣ ਉਸ ਦੀ ਤਾਰੀਫ ਕਰਦੇ ਹਨ।ਉਹ ਪਿਛਲੇ 2 ਸਾਲ ਤੋਂ ਗਰੀਬ ਬੱਚਿਆਂ ਨੂੰ ਪੜ੍ਹਾ ਰਹੀ ਹੈ। ਇਸ ਸਮੇਂ ਉਸ ਕੋਲ 50 ਬੱਚੇ ਪੜ੍ਹਨ ਲਈ ਆਉਂਦੇ ਹਨ। ਹੁਣ ਤੱਕ ਉਹ 150 ਬੱਚਿਆਂ ਨੂੰ ਪੜ੍ਹਾ ਚੁੱਕੀ ਹੈ। ਸਮਰ ਬਚਪਨ ਤੋਂ ਹੀ ਅਪਾਹਜ ਹੈ। ਗਰੀਬੀ ਅਤੇ ਅਪਾਹਜ ਹੋਣ ਕਾਰਨ ਉਸ ਦੀ ਪੜ੍ਹਾਈ ਵਿਚਾਲੇ ਹੀ ਛੁਟ ਗਈ, ਜਿਸ ਕਾਰਨ ਉਹ ਬੀ. ਐਸ. ਸੀ. ਦੀ ਪੜ੍ਹਾਈ ਪੂਰੀ ਨਹੀਂ ਕਰ ਸਕੀ। ਇਸ ਦੌਰਾਨ ਉਸ ਨੇ ਸੋਚਿਆ ਕਿ ਕਿਉਂ ਨਾ ਗਰੀਬ ਬੱਚਿਆਂ ਨੂੰ ਫਰੀ ਵਿਚ ਸਿੱਖਿਅਤ ਕੀਤਾ ਜਾਵੇ। 


ਸਮਰ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ। ਉਸ ਨੇ ਆਪਣੇ ਅਪਾਹਜ ਹੋਣ ਨੂੰ ਕਦੇ ਕਮਜ਼ੋਰੀ ਨਹੀਂ ਬਣਨ ਦਿੱਤਾ। ਉੱਥੇ ਹੀ ਸਮਰ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਅੰਦਰ ਸਮਾਜ ਨੂੰ ਅੱਗੇ ਵਧਾਉਣ ਦਾ ਜਜ਼ਬਾ ਹੈ। ਆਪਣੀ ਹਿੰਮਤ 'ਤੇ ਇਕ ਛੋਟੀ ਜਿਹੀ ਕੋਸ਼ਿਸ਼ ਸਦਕਾ ਸਮਰ ਗਰੀਬ ਬੱਚਿਆਂ ਲਈ ਮਸੀਹਾ ਬਣੀ ਹੈ। ਸਮਰ ਵਲੋਂ ਫਰੀ ਸਿੱਖਿਆ ਕਲਾਸ ਵਿਚ ਇਕ ਹੀ ਛੱਤ ਹੇਠਾਂ ਹਿੰਦੂ-ਮੁਸਲਿਮ ਭਾਈਚਾਰੇ ਦੇ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਹੈ।