ਕੁੱਤੇ ਨੂੰ ਤਿਰੰਗਾ ਪਹਿਨਾਉਣਾ ਪੈ ਗਿਆ ਮਹਿੰਗਾ, ਹੋਇਆ ਮਾਮਲਾ ਦਰਜ

Global News

ਅਹਿਮਦਾਬਾਦ— ਗਣਤੰਤਰ ਦਿਵਸ ਦੇ ਮੌਕੇ 'ਤੇ ਗੁਜਰਾਤ ਦੇ ਸੂਰਤ ਸ਼ਹਿਰ 'ਚ ਹੋਈ ਪਾਲਤੂ ਪਸ਼ੂਆਂ ਦੀ ਇਕ ਅਨੋਖੀ ਦੌੜ 'ਚ ਆਪਣੇ ਕੁੱਤੇ ਨੂੰ ਤਿਰੰਗਾ ਪਹਿਨਾਉਣਾ ਸੂਰਤ ਦੇ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਸ਼ਹਿਰ ਦੀ ਉਮਰਾ ਪੁਲਸ ਨੇ ਭੀਮਸਿੰਘ ਗੋਹਿਲ ਦਿ ਪ੍ਰਿਵੈਨਸ਼ਨ ਆਫ ਇਨਸਲਟ ਟੂ ਨੈਸ਼ਨਲ ਆਨਰ ਐਕਟ 1971 ਦੀ ਧਾਰਾ 2 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਭੀਮਸਿੰਘ ਨੇ ਜਰਮਨ ਸ਼ੈਫਰਡ ਨਸਲ ਦੇ ਆਪਣੇ ਕੁੱਤੇ ਨੂੰ 26 ਜਨਵਰੀ ਨੂੰ ਹੋਈ ਦੌੜ ਦੌਰਾਨ ਤਿਰੰਗਾ ਲਪੇਟ ਕੇ ਸਜਾਇਆ ਗਿਆ ਸੀ। ਉਨ੍ਹਾਂ ਖਿਲਾਫ ਬੀਤੀ ਸ਼ਾਮ ਵਿਵਾਦਤ ਮਾਮਲਾ ਦਰਜ ਕੀਤਾ ਗਿਆ ਹੈ।


ਭੀਮਸਿੰਘ ਦੇ ਕੁੱਤੇ ਦੀ ਤਸਵੀਰ ਸਾਰੀਆਂ ਮੁੱਖ ਅਖਬਾਰਾਂ 'ਚ ਛਪੀ ਸੀ ਅਤੇ ਕਾਫੀ ਸ਼ੋਹਰਤ ਵੀ ਮਿਲੀ ਸੀ ਪਰ ਉਦੋਂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਸੇ ਕਾਰਨ ਉਨ੍ਹਾਂ ਨੂੰ ਕਾਨੂੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਸੂਰਤ ਵਾਸੀ ਅਜੀਜ ਆਰਿਫ ਸਾਏਕਲਵਾਲਾ ਨੇ ਇਸ ਮਾਮਲੇ 'ਚ ਤਿਰੰਗੇ ਦੇ ਅਪਮਾਨ ਦੀ ਸ਼ਿਕਾਇਤ ਵੀ ਕੀਤੀ ਸੀ ਅਤੇ ਲਗਾਤਾਰ ਪੁਲਸ 'ਤੇ ਇਸ ਸੰਬੰਧ 'ਚ ਮਾਮਲਾ ਦਰਜ ਕਰਨ ਲਈ ਦਬਾਅ ਬਣਾਏ ਰੱਖਿਆ। ਪੁਲਸ ਹੁਣ ਭੀਮਸਿੰਘ ਦੀ ਭਾਲ ਕਰ ਰਹੀ ਹੈ।