ਕੈਨੇਡਾ ''ਚ ਭਾਰਤੀ ਮੂਲ ਦੇ ਰੱਖਿਆ ਮੰਤਰੀ ਸੱਜਣ ਵਿਰੁੱਧ ਨਸਲੀ ਟਿੱਪਣੀ ਕਰਨ ਵਾਲੇ ਸੰਸਦ ਮੈਂਬਰ ਵਿਰੁੱਧ ਹੋਵੇ ਕਾਰਵਾਈ : ਅਮਰਿੰਦਰ

Global News

ਜਲੰਧਰ(ਧਵਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਮੂਲ ਦੇ ਕੈਨੇਡਾ ਦੇ ਰੱੱਖਿਆ ਮੰਤਰੀ ਹਰਜੀਤ ਸਿੰਘ ਸੱਜਣ  ਵਿਰੁੱਧ ਕੈਨੇਡਾ ਦੀ ਸੰਸਦ 'ਚ ਹੋਏ ਨਸਲੀ ਵਿਤਕਰੇ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਹਰੇਕ ਭਾਰਤੀ ਤੇ ਸਿੱਖ ਦੀ ਭਾਵਨਾ ਨੂੰ ਠੇਸ ਪੁੱਜੀ ਹੈ ਕਿਉਂਕਿ ਸੱਜਣ ਦੀ ਕੈਨੇਡਾ ਪ੍ਰਤੀ ਭੂਮਿਕਾ ਕਿਸੇ ਤੋਂ ਲੁਕੀ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਕੈਨੇਡਾ ਦੀ ਸੰਸਦ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਜੈਸਨ ਕੈਨਰੀ ਵਲੋਂ ਕੀਤੀ ਗਈ ਟਿੱਪਣੀ ਪੂਰੀ ਤਰ੍ਹਾਂ ਨਸਲੀ ਹੈ ਅਤੇ ਉਸ ਨੂੰ ਆਪਣੇ ਇਸ ਕਾਰੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਕੈਨੇਡਾ ਦੇ ਸੰਸਦੀ ਨਿਯਮਾਂ ਅਨੁਸਾਰ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। 


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਇਕ ਅਨੁਸ਼ਾਸਿਕ ਫੌਜੀ ਰਹੇ ਹਨ ਜਿਨ੍ਹਾਂ ਨੇ ਅਫਗਾਨਿਸਤਾਨ ਅਤੇ ਬੋਸਨੀਆ 'ਚ ਕੰਮ ਕੀਤਾ ਹੈ। ਸੱਜਣ ਕਿਉਂਕਿ ਦੂਸਰੇ ਧਰਮ ਅਤੇ ਜਾਤੀ ਨਾਲ ਸੰਬੰਧ ਰੱਖਦੇ ਹਨ ਇਸ ਲਈ ਉਨ੍ਹਾਂ ਵਿਰੁੱਧ ਨਸਲੀ ਟਿੱਪਣੀ ਹੋਈ ਹੈ।


ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸੰਸਦ ਅੰਦਰ ਨਸਲੀ ਵਿਤਕਰੇ ਨਾਲ ਕੈਨੇਡਾ 'ਚ ਵਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਭਾਰੀ ਦੁੱਖ ਹੋਇਆ ਹੈ, ਜਿਨ੍ਹਾਂ ਨੇ ਕੈਨੇਡਾ ਦੀ ਤਰੱਕੀ ਵਿਚ ਆਪਣਾ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸੱਜਣ ਨੇ ਸਖਤ ਮਿਹਨਤ ਕੀਤੀ ਸੀ ਅਤੇ ਉਹ ਰੱਖਿਆ ਮੰਤਰੀ ਵਰਗੇ ਉੱਚੇ ਅਹੁਦੇ 'ਤੇ ਪਹੁੰਚੇ। ਉਨ੍ਹਾਂ ਨਾਲ ਨਸਲੀ ਵਿਤਕਰਾ ਨਹੀਂ, ਸਗੋਂ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਸਿਆਚਿਨ 'ਚ ਫੌਜੀਆਂ ਦੀ ਬਰਫ ਦੇ ਤੂਫਾਨ 'ਚ ਦੱਬਣ ਨਾਲ ਹੋਈ ਮੌਤ 'ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਦੇਸ਼ ਨੇ ਬਹੁ-ਕੀਮਤੀ ਜਾਨਾਂ ਗਵਾਈਆਂ ਹਨ ਅਤੇ ਪੂਰੇ ਦੇਸ਼ ਲਈ ਇਹ ਦੁੱਖ ਦੀ ਘੜੀ ਹੈ। ਭਾਰਤੀ ਫੌਜੀ ਉਲਟ ਮੌਸਮ ਦੇ ਬਾਵਜੂਦ ਸਿਆਚਿਨ ਵਰਗੇ ਖੇਤਰਾਂ ਦੀ ਰੱਖਿਆ ਲਈ ਹਮੇਸ਼ਾ ਖੜ੍ਹੇ ਹਨ।