ਅਮਰੀਕਾ ਦੇ ਨਾਈਟਕਲੱਬ ਵਿਚ ਗੋਲੀਬਾਰੀ, 2 ਦੀ ਮੌਤ

Global News

ਓਰਲੈਂਡੋ— ਫਲੋਰਿਡਾ ਦੇ ਓਰਲੈਂਡੋ ਸ਼ਹਿਰ ਦੇ ਨਾਈਟਕਲੱਬ ਵਿਚ ਗੋਲੀਬਾਰੀ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 10 ਲੋਕ ਜ਼ਖਮੀ ਹੋ ਗਏ ਹਨ। ਇਸ ਹਫਤੇ ਦੇ ਅਖੀਰ ਵਿਚ ਫਲੋਰਿਡਾ ਦੇ ਨਾਈਟਕਲੱਬ ਵਿਚ ਦੂਜੀ ਵਾਰ ਗੋਲੀਬਾਰੀ ਹੋ ਚੁੱਕੀ ਹੈ। ਖਬਰ ਏਜੰਸੀਆਂ ਨੇ ਦੱਸਿਆ ਹੈ ਕਿ ਕੱਲ ਦੇਰ ਰਾਤ ਸਥਾਨਕ ਸਮੇਂ ਅਨੁਸਾਰ ਰਾਤ 1:00 ਵਜੇ ਤੋਂ ਪਹਿਲਾਂ ਇਹ ਗੋਲੀਬਾਰੀ ਹੋਈ ਹੈ। ਉਸ ਸਮੇਂ ਇਸ ਕਲੱਬ ਵਿਚ ਲਗਭਗ 300 ਲੋਕ ਮੌਜੂਦ ਸਨ। ਗੋਲੀਬਾਰੀ ਹੋਣ ਸਮੇਂ ਓਰਲੈਂਡੋ ਪੁਲਸ ਵਿਭਾਗ ਦੇ 3 ਸੁਰੱਖਿਆ ਕਰਮਚਾਰੀ ਮੌਜੂਦ ਸਨ। ਇਹ 3 ਅਧਿਕਾਰੀ ਉਸ ਸਮੇਂ ਡਿਊਟੀ ਆਫ ਡਿਊਟੀ ਸਨ। ਭਾਵ ਡਿਊਟੀ 'ਤੇ ਤੈਨਾਤ ਨਹੀਂ ਸਨ। ਪੁਲਸ ਬੁਲਾਰੇ ਮਿਸ਼ੇਲ ਗੁਇਡੋ ਨੇ ਕਿਹਾ ਕਿ ਗੋਲੀ ਕਿਸ ਨੇ ਚਲਾਈ ਇਹ ਅਜੇ ਤਕ ਸਪੱਸ਼ਟ ਨਹੀਂ ਹੋਇਆ ਹੈ। ਪੁਲਸ ਵਲੋਂ ਕੱਲ੍ਹ ਦੱਸਿਆ ਗਿਆ ਸੀ ਕਿ ਇਕ ਵਿਅਕਤੀ ਨੂੰ ਗੋਲੀ ਲੱਗੀ ਹੈ ਅਤੇ 9 ਲੋਕ ਜ਼ਖਮੀ ਹਨ। ਇਨ੍ਹਾਂ ਨੂੰ ਸਮੇਂ 'ਤੇ ਹੀ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ।

 

ਬਾਅਦ ਵਿਚ ਇਕ ਹੋਰ ਵਿਅਕਤੀ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਆੱਫ ਡਿਊਟੀ ਅਧਿਕਾਰੀਆਂ ਦੇ ਇਲਾਵਾ ਕਲੱਬ ਦੇ ਆਪਣੇ ਸੁਰੱਖਿਆ ਕਰਮਚਾਰੀ ਵੀ ਸਨ। ਕਲੱਬ ਦੇ ਜਾਂਚ ਕਰਤਾ ਅਤੇ ਸੁਰੱਖਿਆ ਕਰਮਚਾਰੀ ਵੀਡਿਓ ਦੀ ਜਾਂਚ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਸੁਰਾਗ ਮਿਲ ਸਕੇ। ਜ਼ਿਕਰਯੋਗ ਹੈ ਕਿ ਤਾਂਪਾ ਦੇ ਇਕ ਕਲੱਬ ਵਿਚ ਸ਼ਨੀਵਾਰ ਨੂੰ ਗੋਲੀਬਾਰੀ ਹੋਣ ਕਾਰਨ 8 ਲੋਕਾਂ ਨੂੰ ਗੋਲੀ ਲੱਗ ਗਈ ਸੀ। ਇਸ ਮਾਮਲੇ ਵਿਚ ਵੀ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।