ਵੇਲੋਰ ਕਾਲਜ ''ਚ ਉਲਕਾ ਪਿੰਡ ਡਿੱਗਣ ਨਾਲ ਹੋਇਆ ਧਮਾਕਾ : ਜੈਲਲਿਤਾ

Global News

ਚਨੇਈ — ਤਾਮਿਲਨਾਡੂ ਦੇ ਵੇਲੋਰ ਜਿਲ੍ਹੇ 'ਚ ਰਹੱਸਮਈ ਵਿਸਫੋਟ ਦੌਰਾਨ 1 ਵਿਅਕਤੀ ਦੀ ਮੌਤ ਅਤੇ 3 ਹੋਰ ਜ਼ਖਮੀ ਹੋਣ ਦੀ ਘਟਨਾ ਤੋਂ 1 ਦਿਨ ਬਾਅਦ ਸੂਬੇ ਦੀ ਮੁੱਖ ਮੰਤਰੀ ਜੈਲਲਿਤਾ ਨੇ ਕਿਹਾ ਕਿ ਹਾਦਸਾ ਉਲਕਾ ਪਿੰਡ ਡਿੱਗਣ ਨਾਲ ਹੋਇਆ ਸੀ। ਜੈਲਲਿਤਾ ਨੇ ਜਾਰੀ ਇਕ ਬਿਆਨ 'ਚ ਕਿਹਾ, ''ਵੇਲੋਰ ਜਿਲ੍ਹੇ 'ਚ ਕੇ ਕੇ ਪੰਤਾਰਾਪਲੀ ਪਿੰਡ ਸਥਿਤ ਇਕ ਇੰਜੀਨੀਅਰਿੰਗ ਕਾਲਜ 'ਚ ਸ਼ਨੀਵਾਰ ਨੂੰ ਹਾਦਸਾ ਉਸ ਸਮੇਂ ਹੋਇਆ, ਜਦੋਂ ਕਾਲਜ ਪਰਿਸਰ 'ਚ ਇਕ ਉਲਕਾ ਪਿੰਡ ਡਿੱਗਿਆ।''


ਮੁੱਖ ਮੰਤਰੀ ਨੇ ਕਾਲਜ ਦੇ ਬੱਸ ਡਰਾਈਵਰ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ, ਉਸਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ 'ਚੋਂ 1 ਲੱਖ ਰੁਪਏ ਦੀ ਸਹਾਇਤਾ ਰਕਮ ਅਤੇ 3 ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵੇਲੋਰ ਜਿਲ੍ਹਾ ਪ੍ਰਸ਼ਾਸਨ ਅਤੇ ਹਸਪਤਾਲ ਅਧਿਕਾਰੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਹੈ।

 

ਜਦੋਂ ਉਲਕਾ ਪਿੰਡ ਡਿੱਗਿਆ, ਤਾਂ ਉਸ ਨਾਲ ਕਾਲਜ ਦੀਆਂ ਬੱਸਾਂ ਦੇ ਸ਼ੀਸ਼ੇ ਅਤੇ ਇਮਾਰਤ ਦੇ ਕਈ ਸ਼ੀਸ਼ੇ ਟੁੱਟ ਗਏ। ਇਮਾਰਤ ਕੋਲੋਂ ਲੰਘ ਰਹੇ ਬੱਸ ਡਰਾਈਵਰ ਕਾਮਰਾਜ ਦੀ ਉਸ ਵੇਲੇ ਮੌਤ ਹੋ ਗਈ, ਜਦੋਂ ਉਲਕਾ ਪਿੰਡ ਉਸਦੇ ਕੋਲ ਡਿੱਗਿਆ। ਉਲਕਾ ਪਿੰਡ ਡਿੱਗਣ ਨਾਲ ਧਮਾਕਾ ਹੋਇਆ ਸੀ। ਇਸ ਨਾਲ ਇਮਾਰਤ ਪਰਿਸਰ ਕੋਲ ਇਕ ਛੋਟਾ ਟੋਆ ਬਣ ਗਿਆ।