ਅਲਬਰਟਾ ਨੂੰ 700 ਮਿਲੀਅਨ ਡਾਲਰ ਦੀ ਮਦਦ : ਜਸਟਿਨ ਟਰੂਡੋ

Global News

ਕੈਲਗਰੀ, (ਰਾਜੀਵ ਸ਼ਰਮਾ)— ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਕਾਰਨ ਮਾੜੀ ਆਰਥਿਕ ਸਥਿਤੀ ਨਾਲ ਸੰਘਰਸ਼ ਕਰ ਰਹੇ ਪ੍ਰੋਵਿੰਸ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਮੁਲਾਕਾਤ ਕੀਤੀ।ਇਸ ਮੀਟਿੰਗ ਮਗਰੋਂ ਟਰੂਡੋ ਨੇ ਪਹਿਲਾਂ ਤੋਂ ਹੀ ਕੀਤੇ ਗਏ ਵਾਅਦੇ ਮੁਤਾਬਕ ਫੈਡਰਲ ਬੁਨਿਆਦੀ ਢਾਂਚੇ ਨਾਲ ਜੁੜੇ 700 ਮਿਲੀਅਨ ਡਾਲਰ ਦੀ ਰਕਮ ਅਲਬਰਟਾ ਨੂੰ ਮੁਹੱਈਆ ਕਰਵਾਉਣ ਦਾ ਕਰਾਰ ਕੀਤਾ ਹੈ। ਮੀਟਿੰਗ ਤੋਂ ਬਾਅਦ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਲਬਰਟਾ ਨੂੰ ਛੇਤੀ ਤੋਂ ਛੇਤੀ ਬੁਨਿਆਦੀ ਢਾਂਚੇ ਸਬੰਧੀ ਨਿਵੇਸ਼ ਲਈ ਰਕਮ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਸਿਰਫ ਅਲਬਰਟਾ ਲਈ ਹੀ ਕਿਉਂ ਸਗੋਂ ਸਾਰੇ ਪ੍ਰੋਵਿੰਸ ਤੇ ਟੈਰੇਟਰੀਜ਼ ਲਈ ਫੈਡਰਲ ਸਰਕਾਰ ਆਰਥਿਕ ਮਦਦ ਮੁਹੱਈਆ ਕਰਵਾਉਣੀ ਚਾਹੁੰਦੀ ਹੈ।ਇਸ ਨਾਲ ਰੋਜ਼ਗਾਰ ਨੂੰ ਹੱਲਾਸ਼ੇਰੀ ਮਿਲੇਗੀ ਤੇ ਵਿਕਾਸ ਹੋਵੇਗਾ।

 

ਨੌਟਲੇ ਨੇ ਆਖਿਆ ਕਿ ਇਸ ਬਾਰੇ ਗੱਲਬਾਤ ਚੱਲ ਰਹੀ ਹੈ ਕਿ ਪੈਸਾ ਕਿੱਥੇ ਲਾਉਣਾ ਚਾਹੀਦਾ ਹੈ ਤੇ ਇਸ ਨੂੰ ਕਿਸ ਤਰ੍ਹਾਂ ਜਾਰੀ ਰੱਖਿਆ ਜਾਵੇ। ਨੌਟਲੇ ਨੇ ਆਖਿਆ ਕਿ ਅੱਜ ਇਸ ਗੱਲ ਦੀ ਪੁਸ਼ਟੀ ਤਾਂ ਹੋ ਗਈ ਹੈ ਕਿ ਫੈਡਰਲ ਸਰਕਾਰ ਵਲੋਂ ਛੇਤੀ ਤੋਂ ਛੇਤੀ ਵਿੱਤੀ ਮਦਦ ਮੁਹੱਈਆ ਕਰਵਾਈ ਜਾਵੇਗੀ। ਹੁਣ ਸਾਨੂੰ ਤਸੱਲੀ ਹੈ ਕਿ ਇਹ ਪੈਸਾ ਸਾਨੂੰ ਹਫਤਿਆਂ ਜਾਂ ਮਹੀਨਿਆਂ 'ਚ ਹੀ ਮਿਲ ਜਾਵੇਗਾ।ਫੈਡਰਲ ਬੁਨਿਆਦੀ ਢਾਂਚੇ ਸਬੰਧੀ ਮੰਤਰੀ ਅਮਰਜੀਤ ਸੋਹੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਸਾਰੇ ਦੇ ਸਾਰੇ 700 ਡਾਲਰ ਹੀ ਇਕੱਠੇ ਦੇ ਦਿੱਤੇ ਜਾਣਗੇ।