ਕੈਨੇਡਾ 'ਚ ਪੰਜਾਬਣ ਦੇ ਜ਼ਿੰਦਾ ਸਾੜਨ ਦਾ ਮਾਮਲਾ: ਅਦਾਲਤ ਨੇ ਗ੍ਰਿਫਤਾਰ ਪਤੀ ਨੂੰ ਭੇਜਿਆ ਜੇਲ੍ਹ

Global News

ਟੋਰਾਂਟੋ— ਕੈਨੇਡਾ ਵਿਚ ਟੋਰਾਂਟੋ ਨੇੜੇ ਸਾਰਨੀਆ ਵਿਖੇ ਹਾਈਵੇਅ 402 'ਤੇ ਟਰੱਕ ਨੂੰ ਅੱਗ ਲੱਗਣ ਕਾਰਨ ਪੰਜਾਬਣ ਗੁਰਪ੍ਰੀਤ ਕੌਰ ਬਰਾੜ ਦੇ ਜ਼ਿੰਦਾ ਸੜਨ ਦਾ ਮਾਮਲਾ ਸਾਜ਼ਿਸ਼ ਦਾ ਰੂਪ ਧਾਰਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਵਿਚ ਪੁਲਸ ਨੇ ਗੁਰਪ੍ਰੀਤ ਦੇ ਪਤੀ ਉੱਘੇ ਕਬੱਡੀ ਕੁਮੈਂਟੇਟਰ ਸੁਖਚੈਨ ਸਿੰਘ ਬਰਾੜ ਨੂੰ ਫਰਸਟ ਡਿਗਰੀ ਮਰਡਰ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਹੈ। ਵੀਰਵਾਰ ਨੂੰ ਸੁਖਚੈਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ 8 ਫਰਵਰੀ ਨੂੰ ਹੋਵੇਗੀ। ਅਦਾਲਤ ਨੇ ਇਸ ਮਾਮਲੇ ਦੇ ਤੱਥਾਂ ਨੂੰ ਜਨਤਕ ਕਰਨ 'ਤੇ ਰੋਕ ਲਦਾ ਦਿੱਤੀ ਹੈ। ਸੁਖਚੈਨ ਬਰਾੜ 'ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਪਤਨੀ ਗੁਰਪ੍ਰੀਤ ਦਾ ਕਤਲ ਕਰਨ ਦਾ ਦੋਸ਼ ਹੈ। 


ਜ਼ਿਕਰਯੋਗ ਹੈ ਕਿ 31 ਜਨਵਰੀ ਨੂੰ ਤੜਕੇ ਤਿੰਨ ਵਜੇ ਦੇ ਕਰੀਬ ਜਦੋਂ ਸੁਖਚੈਨ ਅਤੇ ਉਸ ਦੀ ਪਤਨੀ ਟਰੱਕ ਵਿਚ ਸਵਾਰ ਹੋ ਕੇ ਅਮਰੀਕਾ ਜਾ ਰਹੇ ਸਨ ਤਾਂ ਟਰੱਕ ਦੇ ਅਗਲੇ ਹਿੱਸੇ ਵਿਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ ਸੁਖਚੈਨ ਬਰਾੜ ਨੂੰ ਇਕ ਵੀ ਝਰੀਟ ਨਹੀਂ ਆਈ ਸੀ, ਜਦੋਂ ਕਿ ਗੁਰਪ੍ਰੀਤ ਇਸ ਹਾਦਸੇ ਵਿਚ ਪੂਰੀ ਤਰ੍ਹਾਂ ਸੜ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੂੰ ਇਹ ਮਾਮਲਾ ਸ਼ੱਕੀ ਲੱਗਿਆ ਜਿਸ ਕਰਕੇ ਘਟਨਾ ਤੋਂ ਬਾਅਦ ਪੁਲਸ ਨੇ ਸੁਖਚੈਨ ਬਰਾੜ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਦੇ ਤਿੰਨ ਬੱਚੇ ਹਨ।